ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਵੀਂ ਸਿੱਖਿਆ ਨੀਤੀ-2020 ਨੂੰ ਰੱਦ ਕਰਾਉਣ ਲਈ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਲਈ ਸ਼ਹਿਰ ਵਿੱਚ ਮੁਜ਼ਾਹਰਾ ਕਰਕੇ ਆਮ ਆਦਮੀ ਪਾਰਟੀ ਦੇ ਐਮ. ਐਲ. ਏ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੰਗ ਪੱਤਰ ਸੌਪਿਆਂ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸੁਖਪ੍ਰੀਤ ਕੌਰ ਅਤੇ ਜ਼ਿਲ੍ਹਾ ਸਕੱਤਰ ਨੌਨਿਹਾਲ ਸਿੰਘ ਨੇ ਕਿਹਾ ਕਿ ਸੂਬਿਆਂ ਦੇ ਅਧਿਕਾਰਾਂ ਨੂੰ ਲਤੜਦਿਆ ਨਵੀਂ ਸਿੱਖਿਆ ਨੀਤੀ 2020 ਲਾਗੂ ਕੀਤੀ ਗਈ।ਜੇਕਰ ਇਹ ਨੀਤੀ ਇਸੇ ਤਰ੍ਹਾਂ ਲਾਗੂ ਹੁੰਦੀ ਗਈ ਤਾਂ ਸਰਕਾਰੀ ਵਿੱਦਿਅਕ ਢਾਂਚਾ ਖ਼ਤਮ ਹੋ ਜਾਵੇਗਾ। ਜਿਸ ਤਰ੍ਹਾਂ ਇਸ ਨੀਤੀ 'ਚ 3000 ਤੋਂ ਘੱਟ ਗਿਣਤੀ ਵਾਲੇ ਕਾਲਜਾਂ ਨੂੰ ਮਰਜ ਕੀਤਾ ਜਾਵੇਗਾ ਅਤੇ ਨਾਲ ਹੀ ਕੰਪਲੈਕਸ ਸਕੂਲ ਬਣਾ ਰਹੀ ਹੈ,ਜਿਸ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਸਿੱਖਿਆ ਨੂੰ ਸਿਰਫ਼ ਕੁਝ ਕੁ ਲੋਕਾਂ ਤੱਕ ਹੀ ਸੀਮਤ ਕੀਤਾ ਜਾਵੇਗਾ।ਜਿਸ ਨਾਲ ਮਿਹਨਤਕਸ਼ ਅਤੇ ਕਿਰਤੀ ਲੋਕਾਂ ਦੇ ਬੱਚਿਆਂ ਦੀ ਵੱਡੀ ਗਿਣਤੀ ਸਿੱਖਿਆ ਤੋਂ ਵਾਂਝੀ ਰਹਿ ਜਾਵੇਗੀ।ਸਰਕਾਰੀ ਸਿੱਖਿਆ ਤੇ ਹਮਲਾ ਕਰਦਿਆਂ ਅਤੇ ਮੁੱਠੀ ਭਰ ਕਾਰਪੋਰੇਟਾਂ ਦੇ ਮੁਨਾਫ਼ੇ ਪਹੁੰਚਾਉਣ ਦੀ ਲੜ੍ਹੀ ਤਹਿਤ ਹੀ ਕੁਝ ਮਹੀਨੇ ਪਹਿਲਾਂ ਯੂ. ਜੀ. ਸੀ. ਨੇ ਵੀ ਨਵਾਂ ਖਰੜ੍ਹਾ ਜਾਰੀ ਕੀਤਾ ਜਿਸ ਵਿੱਚ ਵੀ ਸਿੱਖਿਆ ਨੂੰ ਸਰਮਾਏਦਾਰਾਂ ਦੇ ਹੱਥ 'ਚ ਕੀਤਾ ਜਾ ਰਿਹਾ। ਪੰਜਾਬ ਸਰਕਾਰ ਨੇ ਵੀ ਇਸ ਦਾ ਕੋਈ ਵਿਰੋਧ ਨਹੀਂ ਕੀਤਾ ਅਤੇ ਸਭ ਤੋਂ ਪਹਿਲਾਂ ਨਵੀਂ ਸਿੱਖਿਆ ਨੀਤੀ -2020 ਨੂੰ ਲਾਗੂ ਕੀਤੀ। ਕੁੱਲ ਮਿਲਾ ਕੇ ਸਰਕਾਰ ਸਿੱਖਿਆ 'ਚ ਆਪਣਾ ਹੱਥ ਪਿੱਛੇ ਖਿੱਚ ਰਹੀ ਹੈ।
ਜ਼ਿਲ੍ਹਾ ਖਜਾਨਚੀ ਮਮਤਾ ਆਜ਼ਾਦ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੀ ਪੰਜਾਬ ਸਰਕਾਰ ਜਮੀਨੀ ਪੱਧਰ ਤੇ ਸਿੱਖਿਆ ਅਤੇ ਵਿੱਦਿਅਕ ਸੰਸਥਾਵਾਂ ਨੂੰ ਕੰਗਾਲ ਕਰ ਦਿੱਤਾ ਹੈ। ਮੁਕਤਸਰ ਸ਼ਹਿਰ ਦਾ ਇੱਕ ਨਾਮਚੀਨ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਮੁੰਡੇ ) ਬਿਲਡਿੰਗ ਦੀ ਕਮੀ ਕਾਰਨ ਦੋ ਸ਼ਿਫਟਾਂ 'ਚ ਲੱਗਦਾ ਹੈ ਜੋ ਇਸ ਸਕੂਲ ਦੇ ਅਧਿਆਪਕਾਂ ਤੇ ਵੀ ਵਾਧੂ ਦਾ ਬੋਝ ਪਾਉਂਦਾ ਹੈ। ਸਰਕਾਰੀ ਕਾਲਜ ਮੁਕਤਸਰ ਵਿੱਚ ਸਿਰਫ਼ ਦੋ ਹੀ ਐਮ. ਏ ਦੇ ਕੋਰਸ ਹਨ ਅਤੇ ਕੋਈ ਆਡਿਟੋਰੀਅਮ ਵੀ ਨਹੀਂ ਹੈ ਜੋ ਵੱਡੀ ਗਿਣਤੀ ਵਿਦਿਆਰਥੀਆਂ ਲਈ ਪੂਰਾ ਹੋਵੇ। ਹਾਲ ਤਾਂ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਰੂਰਲ ਸੈਂਟਰ ਕਾਉਣੀ ਵਿੱਚ ਤਾਂ ਕੰਟੀਨ ਵੀ ਨਹੀਂ ਹੈ ਤੇ ਸਿਰਫ਼ ਗ੍ਰੈਜੂ਼ਏਸ਼ਨ ਦੇ ਹੀ ਕੋਰਸ ਹਨ। ਇਲਾਕੇ ਦੀ ਵੱਡੀ ਆਈ. ਟੀ. ਆਈ. ਬਿਲਡਿੰਗ,ਟਰੇਡਸ ਅਤੇ ਸਟਾਫ ਦੀ ਕਮੀ ਨਾਲ ਜੂਝ ਰਹੀ ਹੈ।ਆਗੂਆਂ ਨੇ ਇਹਨਾਂ ਕਮੀਆਂ ਨੂੰ ਜਲਦੀ ਦੂਰ ਕਰਨ ਦੀ ਮੰਗ ਕੀਤੀ ਅਤੇ ਐਲਾਨ ਕੀਤਾ ਕਿ ਜੇਕਰ ਇਹਨਾਂ ਮੰਗਾਂ ਉੱਪਰ ਗੌਰ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਮੁਕਤਸਰ ਸਾਹਿਬ ਦੀਆਂ ਅਲੱਗ ਅਲੱਗ ਵਿੱਦਿਅਕ ਸੰਸਥਾਵਾਂ ਤੋਂ ਵਿਦਿਆਰਥੀ ਸ਼ਾਮਿਲ ਹੋਏ ਅਤੇ ਵਿਦਿਆਰਥੀ ਆਗੂ ਇੰਦਰਜੀਤ ਸਿੰਘ ਨੇ ਆਏ ਹੋਏ ਵਿਦਿਆਰਥੀਆਂ ਦਾ ਧੰਨਵਾਦ ਕੀਤਾ।