![]() |
ਸ੍ਰੀ ਮੁਕਤਸਰ ਸਾਹਿਬ , 17 ਅਪ੍ਰੈਲ: ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ ਰਾਜਿਆਸਰ ਥਾਣਾ ਪੁਲਿਸ ਨੇ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸਵੇਅ ਭਾਰਤਮਾਲਾ ਸੜਕ 'ਤੇ 1 ਕੁਇੰਟਲ 4 ਕਿਲੋ 700 ਗ੍ਰਾਮ ਭੁੱਕੀ ਸਮੇਤ ਪੰਜਾਬ ਦੇ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਵੱਲੋਂ ਤਸਕਰੀ ਲਈ ਵਰਤੀ ਗਈ ਹੌਂਡਾ ਸਿਟੀ ਕਾਰ ਵੀ ਜ਼ਬਤ ਕਰ ਲਈ ਹੈ। ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਹੈ , ਜਦੋਂ ਕਿ ਇੱਕ ਬਠਿੰਡਾ ਦਾ ਵਸਨੀਕ ਅਤੇ ਇੱਕ ਫਾਜ਼ਿਲਕਾ ਜ਼ਿਲ੍ਹੇ ਦਾ ਵਸਨੀਕ ਹੈ।
ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਕਮ ਜ਼ਿਲ੍ਹਾ ਪੁਲਿਸ ਸੁਪਰਡੈਂਟ, ਸ੍ਰੀ ਗੰਗਾਨਗਰ ਗੌਰਵ ਯਾਦਵ ਆਈ.ਪੀ.ਐਸ. ਨੇ ਦੱਸਿਆ ਕਿ ਅੰਮ੍ਰਿਤਸਰ ਜਾਮਨਗਰ ਐਕਸਪ੍ਰੈਸਵੇਅ 'ਤੇ ਨਾਕਾਬੰਦੀ ਦੌਰਾਨ, ਪੁਲਿਸ ਨੂੰ ਦੇਖ ਕੇ ਇੱਕ ਕਾਰ ਹੌਂਡਾ ਸਿਟੀ ਨੰਬਰ ਡੀਐਲ 4ਸੀ ਐਨਸੀ 4450, ਕਾਲੂਸਰ-ਏਟਾ ਕੱਟ ਤੋਂ ਹੇਠਾਂ ਉਤਰੀ ਅਤੇ ਥਰਮਲ ਵੱਲ ਵਧ ਗਈ। ਪੁਲਿਸ ਨੇ ਥਰਮਲ ਪੁਲਿਸ ਚੌਕੀ ਤੋਂ ਪਾਵਰ ਪਲਾਂਟ ਵੱਲ ਜਾਣ ਵਾਲੀ ਸੜਕ 'ਤੇ ਕਾਰ ਦਾ ਪਿੱਛਾ ਕੀਤਾ ਅਤੇ ਰੋਕ ਲਿਆ। ਜਦੋਂ ਕਾਰ ਵਿੱਚ ਸਵਾਰ ਲੋਕਾਂ ਨੂੰ ਭੱਜਣ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਸ਼ੱਕ ਦੇ ਆਧਾਰ 'ਤੇ ਗੱਡੀ ਦੀ ਤਲਾਸ਼ੀ ਲੈਣ 'ਤੇ,ਇੱਕ ਕੁਇੰਟਲ 4 ਕਿਲੋ 700 ਗ੍ਰਾਮ ਭੁੱਕੀ ਬਰਾਮਦ ਹੋਈ। ਪੁਲਿਸ ਪੁੱਛਗਿੱਛ ਦੌਰਾਨ ਕਾਰ ਚਾਲਕ ਨੇ ਆਪਣਾ ਨਾਮ ਸ਼ਿਵਦੱਤ ਉਰਫ਼ ਸੰਦੀਪ ਉਰਫ਼ ਸ਼ਿਵਾ ਪੁੱਤਰ ਸਾਹਿਬ ਰਾਮ ਨਾਇਕ ਵਾਸੀ ਪਿੰਡ ਬਜੀਤਪੁਰਾ ਭੋਮਾ (ਅਬੋਹਰ) ਜ਼ਿਲ੍ਹਾ ਫਾਜ਼ਿਲਕਾ, ਰਾਜਵੀਰ ਪੁੱਤਰ ਤਾਰਾ ਸਿੰਘ, ਵਾਸੀ ਪਿੰਡ ਬਨਵਾਲਾ, ਥਾਣਾ ਲੰਬੀ, ਜ਼ਿਲ੍ਹਾ ਮੁਕਤਸਰ ਅਤੇ ਵਿਜੇ ਸਿੰਘ ਪੁੱਤਰ ਜਗਤਾਰ ਸਿੰਘ, ਵਾਸੀ ਪਿੰਡ ਪੱਕਾ ਕਲਾਂ, ਜ਼ਿਲ੍ਹਾ ਬਠਿੰਡਾ ਦੱਸਿਆ। ਕਾਰਜਕਾਰੀ ਐਸਐਚਓ ਓਮਪ੍ਰਕਾਸ਼ ਮਾਨ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਇਸ ਕਾਰਵਾਈ ਵਿੱਚ ਕਾਂਸਟੇਬਲ ਪਰਤਾਰਾਮ ਜਿਆਣੀ ਅਤੇ ਆਤਮਾਰਾਮ ਕੁਲੜੀਆ , ਏਐਸਆਈ ਹਨੂੰਮਾਨ ਮੀਨਾ , ਕਾਂਸਟੇਬਲ ਰਮੇਸ਼ ਬਿਸ਼ਨੋਈ , ਗਜਰਾਜ ਸਿੰਘ , ਹਰਫੂਲ ਸਹਾਰਨ ਅਤੇ ਧਰਮਪਾਲ ਬਿਸ਼ਨੋਈ ਸ਼ਾਮਲ ਸਨ।