ਮੰਗ ਲਾਗੂ ਨਾ ਹੋਣ ਤੇ ਸੰਘਰਸ਼ ਨੂੰ ਵੱਡੇ ਪੱਧਰ ਤੇ ਲੈ ਕੇ ਜਾਣ ਦੀ ਚੇਤਾਵਨੀ
ਸ੍ਰੀ ਮੁਕਤਸਰ ਸਾਹਿਬ 16 ਅਪ੍ਰੈਲ - ਕੇਂਦਰ ਸਰਕਾਰ ਵੱਲੋਂ ਜ਼ਿਲ੍ਹਾ ਹੈਡ ਕੁਆਰਟਰ ਮੁਕਤਸਰ ਲਈ ਪ੍ਰਸਤਾਵਿਤ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਨੂੰ ਵਾਪਿਸ ਮੁਕਤਸਰ ਵਿਖੇ ਬਨਵਾਉਣ ਦੀ ਮੰਗ ਨੂੰ ਲੈ ਕੇ ਵੱਖ ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਕ ਪਾਰਟੀਆਂ ਵੱਲੋਂ "ਤੈਂ ਕੀ ਦਰਦ ਨਾ ਆਇਆ" ਗਰੁੱਪ ਦੀ ਅਗਵਾਈ ਹੇਠ ਕਾਲੀ ਪੱਟੀਆਂ ਬੰਨ ਕੇ ਸ਼ਹਿਰ ਵਿੱਚ ਸ਼ਾਂਤਮਈ ਪੈਦਲ ਮਾਰਚ ਕੱਢਿਆਂ ਗਿਆ। ਇਹ ਪੈਦਲ ਮਾਰਚ ਘਾਹ ਮੰਡੀ ਚੌਂਕ ਤੋਂ ਸ਼ੁਰੂ ਹੋ ਕੇ ਗਾਂਧੀ ਚੌਂਕ, ਸਦਰ ਬਾਜ਼ਾਰ ਤੋਂ ਹੁੰਦਾ ਹੋਇਆ ਕੋਟਕਪੂਰਾ ਚੌਂਕ ਵਿਖੇ ਪਹੁੰਚਿਆ। ਜਿੱਥੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਮੁਕਤਸਰ ਵਿਖੇ ਨਾ ਬਨਵਾਉਣ ਦੀ ਸੂਰਤ ਵਿੱਚ ਸੰਘਰਸ਼ ਨੂੰ ਵੱਡੇ ਪੱਧਰ ਤੇ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਗਈ। ਇਸ ਮੌਕੇ ਤੇ ਮਿੰਕਲ ਬਜਾਜ, ਜਸਪਾਲ ਸਿੰਘ, ਰਾਜਕੁਮਾਰ ਭਠੇਜਾ ਮੇਲੂ, ਅਨੁਰਾਗ ਸ਼ਰਮਾ, ਇੰਦਰਜੀਤ ਬਾਂਸਲ, ਦੇਸਰਾਜ ਤਨੇਜਾ, ਰਵਿੰਦਰ ਕਟਾਰੀਆਂ, ਬਾਬਾ ਗੁਰਪ੍ਰੀਤ ਸਿੰਘ ਸੋਨੀ, ਅਸ਼ੋਕ ਮਹਿੰਦਰਾ, ਡਾਕਟਰ ਸੁਭਾਸ਼ ਖੁਰਾਣਾ, ਸੋਨੂ ਨਾਗਪਾਲ, ਰਾਜਵੀਰ ਰਾਜੂ, ਜਗਦੀਸ਼ ਜੋਸ਼ੀ, ਸੰਜੀਵ ਧੂੜੀਆ, ਪਰਦੀਪ ਧੂੜੀਆ, ਗੁਰਪਾਲ ਪਾਲੀ, ਰਮਨ ਕੇਪੀ, ਰਾਜਿੰਦਰ ਭੁਜੀਆਂ ਵਾਲਾ, ਰਵੀ ਅਗਰਵਾਲ, ਰਾਜਿੰਦਰ ਖੁਰਾਣਾ, ਨਰਿੰਦਰ ਸਲੂਜਾ, ਜਸਕਰਨ ਬਰਾੜ, ਸੰਜੀਵ ਕੁਮਾਰ ਦਾਬੜਾ, ਬੂਟਾ ਰਾਮ ਕਮਰਾ, ਕਾਲਾ ਸਿੰਘ ਬੇਦੀ, ਸ਼ਾਮ ਲਾਲ ਗੋਇਲ, ਰਾਣਾ ਸ਼ਰਮਾ ਸਮੇਤ ਵੱਡੀ ਸੰਖਿਆ ਵਿੱਚ ਸ਼ਹਿਰ ਵਾਸੀ ਵੀ ਮੌਜੂਦ ਸਨ।
ਕ੍ਰਿਟੀਕਲ ਕੇਅਰ ਹੈਲਥ ਸੈਂਟਰ ਗਿੱਦੜਬਾਹਾ ਵਿਖੇ ਸ਼ਿਫਟ ਕਰਨ ਤੇ ਰੋਸ਼
ਜ਼ਿਕਰਯੋਗ ਹੈ ਕਿ ਸੰਸਥਾਵਾਂ ਵਿੱਚ ਇਸ ਗੱਲ ਨੂੰ ਲੈ ਕੇ ਰੋਸ਼ ਹੈ ਕਿ ਕੇਂਦਰ ਸਰਕਾਰ ਵੱਲੋਂ ਜ਼ਿਲ੍ਹਾ ਹੈਡ ਕੁਆਰਟਰ ਮੁਕਤਸਰ ਵਿਖੇ ਪ੍ਰਸਤਾਵਿਤ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਨੂੰ ਪੰਜਾਬ ਸਰਕਾਰ ਵੱਲੋਂ ਜਗ੍ਹਾ ਦੀ ਘਾਟ ਦੱਸਦੇ ਹੋਏ ਗਿੱਦੜਬਾਹਾ ਹਲਕੇ ਵਿੱਚ ਸ਼ਿਫਟ ਕੀਤਾ ਜਾ ਰਿਹਾ। ਸੰਸਥਾਵਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮੁਕਤਸਰ ਹਮੇਸ਼ਾ ਰਾਜਨੀਤੀ ਦਾ ਸ਼ਿਕਾਰ ਰਿਹਾ। ਹਾਲ ਹੀ ਵਿੱਚ ਕੈਂਸਰ ਉਪੀਡੀ ਪਿੰਡ ਬਾਦਲ ਭੇਜ ਦਿੱਤੀ ਗਈ। ਜਦਕਿ ਪਾਸਪੋਰਟ ਦਫ਼ਤਰ ਵੀ ਰਾਜਨੀਤੀ ਦੇ ਦਬਾਅ ਦੇ ਚਲਦਿਆਂ ਮਲੋਟ ਖੋਲ ਦਿੱਤਾ ਗਿਆ। ਇਸੇ ਤਰਾਂ ਹੁਣ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਨੂੰ ਵੀ ਜਗ੍ਹਾ ਦੀ ਘਾਟ ਕਹਿੰਦੇ ਹੋਏ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਖੇ ਸ਼ਿਫਟ ਕੀਤਾ ਜਾ ਰਿਹਾ। ਜਦਕਿ ਮੁਕਤਸਰ ਵਿਖੇ ਜਗ੍ਹਾ ਦੀ ਕੋਈ ਘਾਟ ਨਹੀਂ ਹੈ। ਉਨਾਂ ਕਿਹਾ ਕਿ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਨੂੰ ਵਾਪਸ ਮੁਕਤਸਰ ਵਿਖੇ ਬਣਵਾਉਣ ਲਈ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ ਹੈ ਜੋਕਿ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਮੁਕਤਸਰ ਵਿਖੇ ਬਣਵਾਉਣ ਤੱਕ ਜਾਰੀ ਰਹੇਗਾ।
ਸੰਸਥਾਵਾਂ ਨੇ ਕਿਹਾ ਹੈ ਕਿ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਜ਼ਿਲ੍ਹਾ ਹੈਡ ਕੁਆਰਟਰ ਤੇ ਬਣ ਰਹੇ ਹਨ। ਜਦਕਿ ਸਿਰਫ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਇਹ ਕ੍ਰਿਟੀਕਲ ਕੇਅਰ ਹੈਲਥ ਸੈਂਟਰ ਜ਼ਿਲ੍ਹਾ ਹੈਡਕੁਆਰਟਰ ਤੇ ਨਹੀਂ ਬਣਾਇਆ ਜਾ ਰਿਹਾ।