ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ
ਟਰੱਕ "ਚੋਂ 3 ਕੁਇੰਟਲ 30 ਕਿਲੋਗ੍ਰਾਮ ਪੋਸਤ ਬਰਾਮਦ, 2 ਵਿਅਕਤੀ ਗ੍ਰਿਫ਼ਤਾਰ
ਸ਼੍ਰੀ ਮੁਕਤਸਰ ਸਾਹਿਬ, 10 ਅਪ੍ਰੈਲ 2025 ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਇਕ ਹੋਰ ਵੱਡੀ ਸਫਲਤਾ ਹਾਸਿਲ ਕਰਦਿਆਂ 3 ਕੁਇੰਟਲ 30 ਕਿਲੋਗ੍ਰਾਮ ਪੋਸਤ (ਭੁੱਕੀ ਚੂਰਾ) ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।
ਜਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ (ਆਈ.ਪੀ.ਐਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ SP (D) ਅਤੇ DSP (D) ਦੀ ਨਿਗਰਾਨੀ ਹੇਠ ਸੀ.ਆਈ.ਏ.-2 ਮਲੋਟ ਦੀ ਟੀਮ ਨੇ 10 ਅਪ੍ਰੈਲ-2025 ਨੂੰ ਮਲੋਟ-ਫਾਜ਼ਿਲਕਾ ਰੋਡ ਤੇ ਦਾਣਾ ਮੰਡੀ ਨੇੜੇ ਪਿੰਡ ਪੰਨੀਵਾਲਾ ਫੱਤਾ ਕੋਲ ਇੱਕ ਟਰੱਕ ਨੰਬਰ PB-03AJ-9652 ਦੀ ਤਲਾਸ਼ੀ ਦੌਰਾਨ ਇਹ ਵੱਡੀ ਖੇਪ ਬਰਾਮਦ ਕੀਤੀ ਹੈ। ਉਹਨਾਂ ਦੱਸਿਆ ਕਿ ਇੱਕ ਟਰੱਕ ਦੇ ਨੇੜੇ ਦੋ ਵਿਅਕਤੀਆਂ ਦੀਆਂ ਹਰਕਤਾਂ ਉੱਤੇ ਸ਼ੱਕ ਹੋਣ ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਪੁੱਛ-ਗਿੱਛ ਕੀਤੀ ਜਿੰਨਾਂ ਨੇ ਆਪਣੇ ਨਾਮ ਬੂਟਾ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਤਾਜਾਂ ਵਾਲੀ ਬਸਤੀ, ਸ਼੍ਰੀ ਮੁਕਤਸਰ ਸਾਹਿਬ ਅਤੇ ਲਵਟੈਣ ਸਿੰਘ ਉਰਫ ਲਵ ਪੁੱਤਰ ਜਗਵਿੰਦਰ ਸਿੰਘ ਵਾਸੀ ਢਾਣੀ ਚਿਰਾਗ, ਪਿੰਡ ਜੰਡਵਾਲਾ ਭੀਮੇਸ਼ਾਹ, ਜ਼ਿਲ੍ਹਾ ਫਾਜ਼ਿਲਕਾ ਵਜੋਂ ਦੱਸੇ। ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਅੰਦਰ ਗੰਡਿਆਂ ਦੇ ਗੱਟੇ ਤਰਪਾਲ ਨਾਲ ਢੱਕੇ ਹੋਏ ਸਨ। ਜਦ ਉਹਨਾਂ ਗੱਟਿਆਂ ਨੂੰ ਖੋਲ੍ਹ ਕੇ ਵੇਖਿਆ ਗਿਆ, ਤਾਂ ਉਨ੍ਹਾਂ ਵਿੱਚੋਂ ਭੁੱਕੀ ੍ਚੂਰਾ ੍ਪੋਸਤ ਬਰਾਮਦ ਹੋਇਆ ਜੋ ਹਰੇਕ ਗੱਟੇ ਦਾ ਵਜ਼ਨ 30-30 ਕਿਲੋਗ੍ਰਾਮ, ਕੁੱਲ 3 ਕੁਇੰਟਲ 30 ਕਿਲੋਗ੍ਰਾਮ ਪੋਸਤ ਬਰਾਮਦ ਹੋਇਆ। ਇਸ ਸਬੰਧੀ ਸੀ.ਆਈ.ਏ.-2 ਮਲੋਟ ਵੱਲੋਂ ਥਾਣਾ ਕਬਰਵਾਲਾ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15(ਸੀ)-61-85 ਅਧੀਨ ਮਕੱਦਮਾ ਨੰਬਰ 34 ਮਿਤੀ 10/04/2025 ਦਰਜ ਕੀਤਾ ਗਿਆ ਹੈ।
ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਭਵਿੱਖ ਵਿੱਚ ਵੀ ਅਜਿਹੀਆਂ ਸਖਤ ਕਾਰਵਾਈਆਂ ਜਾਰੀ ਰੱਖੀਆਂ ਜਾਣਗੀਆਂ। ਜਿਲ੍ਹਾ ਪੁਲਿਸ ਮੁਖੀ ਵੱਲੋਂ ਨਸ਼ਾ ਤਸਕਰਾਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਹਨਾ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕੋਈ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹਨ ਤਾਂ ਉਹ ਜਿਲ੍ਹਾ ਪੁਲਿਸ ਦੇ ਨੰਬਰ 80545-03030 ਪਰ ਜਾਣਕਾਰੀ ਦੇ ਸਕਦੇ ਹਨ ਜੋ ਉਹਨਾਂ ਨਾਮ ਗੁਪਤ ਰੱਖਿਆ ਜਾਵੇਗਾ।
ਦੋਸ਼ੀਆਂ ਦੇ ਨਾਮ:
1) ਬੂਟਾ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਬਾਬੂ ਰਾਮ ਵਾਲੀ ਗਲੀ, ਤਾਜਾਂ ਵਾਲੀ ਬਸਤੀ, ਵਾਰਡ ਨੰਬਰ 27, ਟਿੱਬੀ ਸਾਹਿਬ ਰੋਡ, ਸ਼੍ਰੀ ਮੁਕਤਸਰ ਸਾਹਿਬ।
2) ਲਵਟੈਣ ਸਿੰਘ ਉਰਫ ਲਵ ਪੁੱਤਰ ਜਗਵਿੰਦਰ ਸਿੰਘ ਵਾਸੀ ਢਾਣੀ ਚਿਰਾਗ, ਪਿੰਡ ਜੰਡਵਾਲਾ ਭੀਮੇਸ਼ਾਹ, ਜ਼ਿਲ੍ਹਾ ਫਾਜ਼ਿਲਕਾ
ਬਰਾਮਦਗੀ:-
ਭੁੱਕੀ ਚੂਰਾ ਪੋਸਤ 3 ਕੁਇੰਟਲ 30 ਕਿਲੋਗ੍ਰਾਮ, ਟਰੱਕ ਨੰਬਰ - PB-03AJ-9652
ਸੰਦੇਸ਼
ਨਸ਼ਾ ਕੇਵਲ ਇੱਕ ਵਿਅਕਤੀ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਦੀਆਂ ਜੜਾਂ ਨੂੰ ਕਮਜ਼ੋਰ ਕਰਦਾ ਹੈ। ਨਸ਼ਿਆਂ ਵਿਰੁੱਧ ਇਹ ਜੰਗ ਸਿਰਫ ਪੁਲਿਸ ਦੀ ਨਹੀਂ, ਸਗੋਂ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਆਓ, ਹਰ ਮਾਂ-ਪਿਓ, ਨੌਜਵਾਨ, ਅਧਿਆਪਕ, ਅਤੇ ਸਮਾਜ ਸੇਵੀ ਆਪਣਾ ਰੋਲ ਨਿਭਾਏ। ਅਸੀਂ ਮਿਲ ਕੇ ਨਸ਼ਿਆਂ ਨੂੰ ਜਿੱਤ ਸਕਦੇ ਹਾਂ, ਜੇਕਰ ਤੁਸੀਂ ਸਾਡੇ ਨਾਲ ਖੜੇ ਹੋ। ਇਹ ਲੜਾਈ ਉਮੀਦ ਦੀ ਲੜਾਈ ਹੈ੍ਚੱਲੋ, ਇੱਕ ਨਸ਼ਾਮੁਕਤ, ਸੁਚੱਜੇ ਭਵਿੱਖ ਵੱਲ ਪਹਿਲ ਕਦਮ ਚੁੱਕੀਏ।