ਸਿੱਖ ਇਤਿਹਾਸ ਦੀ ਵੱਡਮੁੱਲੀ ਦਾਸਤਾਨ ਬੁੱਕਲ ’ਚ ਸਮੋਈ ਬੈਠਾ ਹੈ 'ਸ੍ਰੀ ਮੁਕਤਸਰ ਸਾਹਿਬ'

BTTNEWS
0

 ਸ੍ਰੀ ਮੁਕਤਸਰ ਸਾਹਿਬ : ਮਾਨਵਤਾ ਤੇ ਕੌਮ ਦੀ ਖ਼ਾਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਫ਼ੈਸਲਾਕੁੰਨ ਜੰਗਾਂ ’ਚ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵੀ ਸਿੱਖ ਪੰਨਿਆਂ ’ਤੇ ਅਹਿਮ ਸਥਾਨ ਰੱਖਦਾ ਹੈ। ਸ੍ਰੀ ਮੁਕਤਸਰ ਸਾਹਿਬ ਸਿੱਖ ਇਤਿਹਾਸ ਦੀ ਵੱਡਮੁੱਲੀ ਦਾਸਤਾਨ ਨੂੰ ਆਪਣੀ ਬੁੱਕਲ ’ਚ ਸਮੋਈ ਬੈਠਾ ਹੈ। ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਿਦਰਾਣੇ ਦੀ ਢਾਬ ’ਤੇ ਆਪਣੀ ਜੀਵਨ ਦੀ ਆਖ਼ਰੀ ਜੰਗ ਲੜੀ ਗਈ ਜੋ ਆਪਣੇ ਆਪ ’ਚ ਅਦੁੱਤੀ ਮਿਸਾਲ ਰੱਖਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ’ਤੇ ਜੰਗ ਦੌਰਾਨ ਉਨ੍ਹਾਂ ਚਾਲੀ ਸਿੰਘਾਂ ਦੀ ਟੁੱਟੀ ਗੰਢੀ ਸੀ, ਜੋ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ। ਜੰਗ ਦੌਰਾਨ ਭਾਈ ਮਹਾਂ ਸਿੰਘ ਤੇ ਮਾਤਾ ਭਾਗ ਕੌਰ ਦੀ ਅਗਵਾਈ ’ਚ ਜੂਝਦੇ ਹੋਏ ਇਹ 40 ਸਿੰਘ ਸ਼ਹੀਦੀਆਂ ਪਾ ਗਏ। ਮੁਕਤੀ ਜਾਂ ਮੁਕਤ ਪਦ ਨੂੰ ਪ੍ਰਾਪਤ ਹੋਏ ਇਨ੍ਹਾਂ ਸ਼ਹੀਦ ਸਿੰਘਾਂ ਦਾ ਸਰ ਹੋਣ ਕਰਕੇ ਇਸ ਸਥਾਨ ਦਾ ਨਾਂ ਮੁਕਤਸਰ ਪ੍ਰਸਿੱਧ ਹੋਇਆ ਹੈ।ਸ੍ਰੀ ਮੁਕਤਸਰ ਸਾਹਿਬ ਇਸ ਤੋਂ ਪਹਿਲਾਂ ਇੱਥੇ ਖਿਦਰਾਣੇ ਦੀ ਢਾਬ ਵਜੋਂ ਮਸ਼ਹੂਰ ਸੀ। ਨਗਰ ਜਲਾਲਾਬਾਦ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਤਿੰਨ ਖੱਤਰੀ ਭਰਾ ਸਨ, ਖਿਦਰਾਣਾ, ਧਿਗਾਣਾ ਤੇ ਰੁਪਾਣਾ। ਇਹ ਤਿੰਨੇ ਈਸ਼ਵਰ ਦੇ ਉਪਾਸਕ ਸਨ। ਇਨ੍ਹਾਂ ਤਿੰਨਾਂ ਭਰਾਵਾਂ ਨੇ ਇਸ ਇਲਾਕੇ ’ਚ ਪਾਣੀ ਦੀ ਥੁੜ ਕਾਰਨ ਤਿੰਨ ਢਾਬਾਂ ਖੁਦਵਾਈਆਂ। ਹਰੇਕ ਸਾਲ ਬਰਸਾਤ ਦਾ ਪਾਣੀ ਜਮ੍ਹਾਂ ਹੋਣ ’ਤੇ ਇਹ ਉੱਥੇ ਪਸ਼ੂ ਚਾਰਨ ਲੱਗੇ ਤੇ ਫਿਰ ਆਪਣੇ ਨਾਂ ’ਤੇ ਵੱਖੋ-ਵੱਖ ਪਿੰਡ ਵਸਾ ਲਏ। ਮੁਕਤਸਰ ਦੀ ਢਾਬ ਖਿਦਰਾਣੇ ਖੱਤਰੀ ਦੇ ਨਾਂ ’ਤੇ ਹੋਣ ਸਦਕਾ ਢਾਬ ਖਿਦਰਾਣਾ ਜਾਂ ਈਸ਼ਰ ਸਰ ਮਸ਼ਹੂਰ ਹੋਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1704 ਈ. ’ਚ ਜਦੋਂ ਔਰੰਗਜ਼ੇਬ ਦੀਆਂ ਫ਼ੌਜਾਂ ਨਾਲ ਧਰਮ ਯੁੱਧ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਦਾ ਵਸੇਬਾ ਛੱਡਿਆ ਤੇ ਆਪ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਖਿਦਰਾਣੇ ਦੀ ਢਾਬ ’ਤੇ ਪੁੱਜੇ ਸਨ।

ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ

1. ਗੁਰਦੁਆਰਾ ਟੁੱਟੀ ਗੰਢੀ ਸਾਹਿਬ

ਸਿੱਖ ਇਤਿਹਾਸ ਦੀ ਵੱਡਮੁੱਲੀ ਦਾਸਤਾਨ ਬੁੱਕਲ ’ਚ ਸਮੋਈ ਬੈਠਾ ਹੈ 'ਸ੍ਰੀ ਮੁਕਤਸਰ ਸਾਹਿਬ'

ਇਹ ਮੁੱਖ ਸਥਾਨ ਸ੍ਰੀ ਦਰਬਾਰ ਸਾਹਿਬ ਹੈ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੁਸ਼ਮਣ ਫ਼ੌਜਾਂ ਨਾਲ ਜੂਝਦਿਆਂ ਸ਼ਹੀਦੀਆਂ ਪਾ ਗਏ ਚਾਲੀ ਸਿੰਘਾਂ ਨੂੰ ਇਹ ਮੇਰਾ ਪੰਜ ਹਜ਼ਾਰੀ, ਦਸ ਹਜ਼ਾਰੀ, ਵੀਹ ਹਜ਼ਾਰੀ ਆਦਿ ਬਖ਼ਸ਼ਿਸਾਂ ਦਿੱਤੀਆਂ ਤੇ ਭਾਈ ਮਹਾਂ ਸਿੰਘ ਦੀ ਬੇਨਤੀ ’ਤੇ ਬੇਦਾਵਾ ਪਾੜ ਕੇ ਟੁੱਟੀ ਗੰਢੀ ਸੀ। ਜਿਸ ਕਰਕੇ ਇੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸੁਸ਼ੋਭਿਤ ਹੈ। ਇੱਥੇ ਇਤਿਹਾਸਿਕ ਵਣ ਵੀ ਸੁਸ਼ੋਭਿਤ ਹੈ ਜਿੱਥੇ ਗੁਰੂ ਜੀ ਨੇ ਆਪਣਾ ਘੋੜਾ ਬੰਨਿ੍ਹਆ ਸੀ। ਇਸ ਤੋਂ ਇਲਾਵਾ ਇੱਥੇ ਸਥਿਤ ਪਵਿੱਤਰ ਸਰੋਵਰ ’ਚ ਸੰਗਤਾਂ ਸ਼ਰਧਾ ਦੀ ਚੁੱਭੀ ਲਾਉਂਦੀਆਂ ਹਨ।

2. ਗੁਰਦੁਆਰਾ ਤੰਬੂ ਸਾਹਿਬ

ਇਹ ਸਥਾਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਸਰੋਵਰ ਦੀ ਸੱਜੀ ਬਾਹੀ ’ਤੇ ਸਥਿਤ ਹੈ। ਜੰਗ ਤੋਂ ਪਹਿਲਾਂ ਸਿੰਘ ਨੇ ਇੱਥੇ ਦੁਸ਼ਮਣ ਫ਼ੌਜਾਂ ਦੇ ਪਹੁੰਚਣ ਤੋਂ ਪਹਿਲਾਂ ਝਾੜੀਆਂ ’ਤੇ ਆਪਣੇ ਕੋਲ ਵਾਧੂ ਬਸਤਰਾਂ ਨੂੰ ਪਾ ਕੇ ਤੰਬੂਆਂ ਦਾ ਰੂਪ ਦੇ ਦਿੱਤਾ ਤਾਂ ਜੋ ਉੱਥੇ ਸਿੰਘਾਂ ਦੀ ਵੱਡੀ ਫ਼ੌਜ ਹੋਣ ਦਾ ਦੁਸ਼ਮਣ ਫ਼ੌਜਾਂ ਨੂੰ ਆਭਾਸ਼ ਹੋਵੇ ਤੇ ਸਿੰਘ ਆਪ ਦੂਜੇ ਪਾਸੇ ਡੱਟ ਗਏ।

3. ਗੁਰਦੁਆਰਾ ਮਾਤਾ ਭਾਗ ਕੌਰ

ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਕੋਲ ਹੀ ਤੇ ਗੁਰਦੁਆਰਾ ਤੰਬੂ ਸਾਹਿਬ ਦੇ ਖੱਬੇ ਹੱਥ ਨਾਲ ਹੀ ਮਾਤਾ ਭਾਗ ਕੌਰ ਜੀ ਦੀ ਯਾਦ ’ਚ ਗੁਰਦੁਆਰਾ ਮਾਤਾ ਭਾਗ ਕੌਰ ਜੀ ਸਥਿਤ ਹੈ।

4. ਗੁਰਦੁਆਰਾ ਸ਼ਹੀਦ ਗੰਜ ਸਾਹਿਬ

ਇਹ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਹੈ। ਇਸ ਸਥਾਨ ’ਤੇ ਦੁਸ਼ਮਣ ਫ਼ੌਜਾਂ ਨਾਲ ਲੋਹਾ ਲੈਂਦਿਆਂ ਸ਼ਹੀਦੀਆਂ ਪਾ ਗਏ ਚਾਲੀ ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਹੱਥੀਂ ਸਸਕਾਰ ਕੀਤਾ ਸੀ। ਇਸ ਸਥਾਨ ਦਾ ਨਾਂ ਗੁਰਦੁਆਰਾ ਅੰਗੀਠਾ ਸਾਹਿਬ ਵੀ ਹੈ।

5. ਗੁਰਦੁਆਰਾ ਟਿੱਬੀ ਸਾਹਿਬ

ਇਹ ਸਥਾਨ ਸ੍ਰੀ ਦਰਬਾਰ ਸਾਹਿਬ ਤੋਂ ਕੁਝ ਦੂਰੀ ’ਤੇ ਸਥਿਤ ਹੈ। ਇਸ ਸਥਾਨ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਸ਼ਮਣ ਫ਼ੌਜ ’ਤੇ ਜੋ ਨਵਾਬ ਵਜ਼ੀਰ ਖ਼ਾਨ ਸੂਬਾ ਸਰਹਿੰਦ ਦੇ ਅਧੀਨ ਗੁਰੂ ਸਾਹਿਬ ਦਾ ਪਿੱਛਾ ਕਰਦੀ ਹੋਈ ਆਈ ਤੇ 40 ਸਿੰਘਾਂ ਨਾਲ ਲੜ ਰਹੀ ਸੀ ’ਤੇ ਤੀਰ ਚਲਾਉਂਦੇ ਰਹੇ। ਉੱਚੀ ਟਿੱਬੀ ਦੀ ਥਾਂ ਹੋਣ ਕਰਕੇ ਗੁਰੂ ਜੀ ਇਸ ਜਗ੍ਹਾ ਤੋਂ ਦੁਸ਼ਮਣ ਦੀਆਂ ਫ਼ੌਜਾਂ ’ਤੇ ਨਜ਼ਰ ਵੀ ਰੱਖ ਰਹੇ ਸਨ। ਗੁਰੂ ਸਾਹਿਬ ਦੀ ਯਾਦਗਰ ਵਜੋਂ ਇਸ ਸਥਾਨ ਦਾ ਨਾਂ ਟਿੱਬੀ ਸਾਹਿਬ ਪ੍ਰਸਿੱਧ ਹੋਇਆ।

6. ਗੁਰਦੁਆਰਾ ਦਾਤਣਸਰ ਸਾਹਿਬ

ਇਸ ਸਥਾਨ ’ਤੇ ਗੁਰੂ ਜੀ ਜਦ ਉਹ ਖਿਦਰਾਣਿਓਂ ਹੋ ਕੇ ਟਿੱਬੀ ਸਾਹਿਬ ਪਧਾਰੇ ਤਾਂ ਸਵੇਰੇ ਦਾਤਣ ਕੀਤੀ ਸੀ। ਇਸ ਸਥਾਨ ਦੇ ਨਾਲ ਹੀ ਮੁਗ਼ਲ ਨੂਰਦੀਨ ਦਾ ਸਥਾਨ ਵੀ ਹੈ ਜੋ ਸੂਬਾ ਸਰਹਿੰਦ ਦੇ ਹੁਕਮ ਨਾਲ ਭੇਸ ਬਦਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਨ ਦੇ ਇਰਾਦੇ ਨਾਲ ਆਇਆ ਸੀ ਪਰ ਗੁਰੂ ਜੀ ਹੱਥੋਂ ਗੜਵੇ ਦੀ ਚੋਟ ਨਾਲ ਮਾਰਿਆ ਗਿਆ ਸੀ। ਉਸ ਦੀ ਕਬਰ ’ਤੇ ਸੰਗਤਾਂ ਜੁੱਤੀਆਂ ਮਾਰਦੀਆਂ ਹਨ।

7. ਗੁਰਦੁਆਰਾ ਰਕਾਬਸਰ ਸਾਹਿਬ

ਇਹ ਉਹ ਸਥਾਨ ਹੈ ਜਿੱਥੇ ਦਸਮ ਪਾਤਸ਼ਾਹ ਦੇ ਟਿੱਬੀ ਸਾਹਿਬ ਤੋਂ ਉਤਰ ਕੇ ਖਿਦਰਾਣੇ ਦੀ ਢਾਬ ਦੀ ਰਣ ਭੂਮੀ ਵੱਲ ਚਾਲੇ ਪਾਉਣ ਸਮੇਂ ਘੋੜੇ ਦੀ ਰਕਾਬ ’ਤੇ ਕਦਮ ਰੱਖਦਿਆਂ ਹੀ ਉਹ ਰਕਾਬ ਟੁੱਟ ਗਈ ਸੀ। ਉਹ ਟੁੱਟੀ ਹੋਈ ਰਕਾਬ ਉਸੇ ਤਰ੍ਹਾਂ ਇਸ ਸਥਾਨ ’ਤੇ ਸਾਂਭ ਕੇ ਰੱਖੀ ਹੋਈ ਹੈ।

8. ਗੁਰਦੁਆਰਾ ਤਰਨਤਾਰਨ ਸਾਹਿਬ

ਇਹ ਗੁਰਦੁਆਰਾ ਸਾਹਿਬ ਸ਼ਹਿਰ ਦੇ ਬਠਿੰਡਾ ਰੋਡ ’ਤੇ ਸਥਿਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਤੋਂ ਰੁਪਾਣੇ ਜਾਂਦਿਆਂ ਇੱਥੇ ਰੁਕੇ ਸਨ। ਇੱਥੇ ਇਕ ਛੱਪੜੀ ਸੀ, ਗੁਰੂ ਜੀ ਨੇ ਕਿਹਾ ਕਿ ਜੋ ਵੀ ਇੱਥੇ ਇਸ਼ਨਾਨ ਕਰੇਗਾ ਉਸਦੇ ਦੁੱਖ ਤਕਲੀਫ਼ਾਂ ਦੂਰ ਹੋਣਗੀਆਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੁਚੱਜੇ ਤਰੀਕੇ ਨਾਲ ਕਰ ਰਹੀ ਹੈ। ਸੰਗਤਾਂ ਦੀ ਸਹੂਲਤ ਲਈ ਸਾਰੇ ਗੁਰੂ ਘਰਾਂ ’ਚ ਬਾਖ਼ੂਬੀ ਪ੍ਰਬੰਧ ਕੀਤੇ ਗਏ ਹਨ। ਚਾਲੀ ਮੁਕਤਿਆਂ ਦੀ ਯਾਦ ’ਚ ਹਰ ਸਾਲ 1 ਮਾਘ ਨੂੰ ਸ਼ਹੀਦੀ ਜੋੜ ਮੇਲਾ ਮਾਘੀ ਮਨਾਇਆ ਜਾਂਦਾ ਹੈ। ਇਸ ਸ਼ਹੀਦੀ ਜੋੜ ਮੇਲੇ ’ਤੇ ਚਾਲੀ ਸਿੰਘਾਂ ਨੂੰ ਸਿਜਦਾ ਕਰਨ ਲਈ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਪੁੱਜਦੇ ਹਨ। ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੀਆਂ ਛਾਉਣੀਆਂ ਹਨ। ਸ਼ਹੀਦੀ ਜੋੜ ਮੇਲਾ ਮਾਘੀ ’ਤੇ ਵੱਖੋ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ ਘੋੜਿਆਂ, ਹਾਥੀਆਂ ਸਮੇਤ ਪਹੁੰਚਦੇੇ ਹਨ ਜੋ ਘੋੜ ਦੌੜਾਂ ’ਤੇ ਗੱਤਕੇ ਦੇ ਜੌਹਰ ਦਿਖਾਉਂਦੇ ਹਨ।

ਸਿੱਖ ਇਤਿਹਾਸ ਦੀ ਵੱਡਮੁੱਲੀ ਦਾਸਤਾਨ ਬੁੱਕਲ ’ਚ ਸਮੋਈ ਬੈਠਾ ਹੈ 'ਸ੍ਰੀ ਮੁਕਤਸਰ ਸਾਹਿਬ'


Post a Comment

0Comments

Post a Comment (0)