11 ਜਨਵਰੀ ਨੂੰ ਰੋਸ ਪ੍ਰਦਰਸ਼ਨ ਕਰਕੇ ਫੂਕਣਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ
ਘੱਟੋ ਘੱਟ ਤਨਖਾਹ ਲਾਗੂ ਕਰਕੇ ਸਿੱਖਿਆ ਵਿਭਾਗ' ਵਿੱਚ ਲਿਆਂਦਾ ਜਾਵੇ ਮਿੱਡ ਡੇ ਮੀਲ ਵਰਕਰਾਂ ਨੂੰ
ਸ਼੍ਰੀ ਮੁਕਤਸਰ ਸਾਹਿਬ, 5 ਜਨਵਰੀ (BTTNEWS)- ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਦੇ ਫੈਸਲੇ ਅਨੁਸਾਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇਕਾਈ ਵੱਲੋਂ 11 ਜਨਵਰੀ ਦੇ ਜ਼ਿਲ੍ਹਾ ਪੱਧਰੀ ਧਰਨੇ ਦੀਆਂ ਤਿਆਰੀਆਂ ਵਿੱਢ ਲਈਆਂ ਗਈਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਰਮਨਜੀਤ ਕੌਰ ਅਤੇ ਜਨਰਲ ਸਕੱਤਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਮਿੱਡ ਡੇ ਮੀਲ ਵਰਕਰਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਦਿਆਂ ਹੀ ਪਹਿਲ ਦੇ ਅਧਾਰ ਉੱਤੇ ਸਕੂਲਾਂ ਵਿੱਚ ਬੱਚਿਆਂ ਲਈ ਦੁਪਹਿਰ ਦਾ ਖਾਣਾ ਤਿਆਰ ਕਰਨ ਵਾਲੀਆਂ ਮਿਡ ਡੇਅ ਮੀਲ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਕਰਕੇ ਤਿੰਨ ਹਜ਼ਾਰ ਰੁਪਏ ਤੋਂ ਛੇ ਹਜ਼ਾਰ ਰੁਪਏ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਅਖੌਤੀ ਇਨਕਲਾਬੀ ਸਰਕਾਰ ਨੇ ਵਰਕਰਾਂ ਦੇ ਮਾਣ ਭੱਤੇ ਵਿੱਚ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਕੋਈ ਵਾਧਾ ਨਹੀਂ ਕੀਤਾ। ਸਗੋਂ ਇਸਦੇ ਉਲਟ ਮਿੱਡ ਡੇ ਮੀਲ ਵਰਕਰਾਂ ਦੇ ਕੰਮ ਨੂੰ ਵਧਾਉਣ ਲਈ ਨਵੇਂ ਨਵੇਂ ਪ੍ਰਕਾਰ ਦੇ ਭੋਜਨ ਬਣਾਉਣ ਦੇ ਹੁਕਮ ਦਿੱਤੇ ਹਨ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਮਹਿੰਗਾਈ ਦੇ ਦਿਨੋਂ ਦਿਨ ਵਧਣ ਦੇ ਬਾਵਜੂਦ ਮਿੱਡ ਡੇ ਮੀਲ ਵਰਕਰਾਂ ਨੂੰ ਸਿਰਫ਼ ਤਿੰਨ ਹਜ਼ਾਰ ਰੁਪਏ ਨਾਲ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਮਜਬੂਰ ਕਰਨਾ ਸਰਕਾਰਾਂ ਦੀਆਂ ਹੀ ਗਲਤ ਨੀਤੀਆਂ ਦਾ ਸਬੂਤ ਹੈ। ਉਨ੍ਹਾਂ ਮੰਗ ਕੀਤੀ ਕਿ ਮਿੱਡ ਡੇ ਮੀਲ ਵਰਕਰਾਂ ਉੱਤੇ ਘੱਟੋ ਘੱਟ ਤਨਖਾਹ ਲਾਗੂ ਕਰਦਿਆਂ ਸਿੱਖਿਆ ਵਿਭਾਗ ਦੇ ਰੈਗੂਲਰ ਮੁਲਾਜ਼ਮ ਮੰਨਿਆ ਜਾਵੇ ਅਤੇ ਰੈਗੂਲਰ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਦੱਸਿਆ ਕਿ ਵਰਕਰਾਂ ਵਿੱਚ ਪੰਜਾਬ ਸਰਕਾਰ ਦੇ ਵਰਕਰਾਂ ਪ੍ਰਤੀ ਅਣਗਹਿਲੀ ਵਾਲੇ ਵਤੀਰੇ ਵਿਰੁੱਧ ਭਾਰੀ ਰੋਸ ਹੈ ਜਿਸ ਦਾ ਪ੍ਰਗਟਾਵਾ ਜੱਥੇਬੰਦੀ ਵੱਲੋਂ ਸਰਕਾਰ ਖ਼ਿਲਾਫ਼ ਉਲੀਕੇ ਜ਼ਿਲ੍ਹਾ ਪੱਧਰੀ ਐਕਸ਼ਨ ਵਿੱਚ ਨਜ਼ਰ ਆਵੇਗਾ।
ਇਸ ਮੌਕੇ ਸੀਮਾ ਰਾਣੀ, ਮਨਪ੍ਰੀਤ ਕੌਰ, ਰੀਤੂ ਅਮਨਦੀਪ ਕੌਰ, ਹਰਪਾਲ ਕੌਰ, ਰਵੀਨਾ ਰਾਣੀ, ਹਰਪ੍ਰੀਤ ਕੌਰ ਵੀ ਹਾਜ਼ਰ ਸਨ।