- ਦੀਵੇ ਅਤੇ ਮੋਮਬੱਤੀਆਂ ਬਾਲ਼ ਕੇ ਮੰਤਰੀ ਬੈਂਸ ਨੂੰ ਯਾਦ ਕਰਵਾਇਆ ਜਾਵੇਗਾ ‘ਦੀਵਾਲੀ ਗਿਫਟ’
ਗੰਭੀਰਪੁਰ 4 ਜਨਵਰੀ (BTTNEWS) – ਪੰਜਾਬ ਵਿੱਚ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਨੇ ਨਵਾਂ ਮੋੜ ਲੈ ਲਿਆ ਹੈ। ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਅਤੇ ਵਾਅਦੇ ਤੋੜਨ ਤੋਂ ਨਾਰਾਜ਼ ਅਧਿਆਪਕ 5 ਜਨਵਰੀ ਨੂੰ ਗੰਭੀਰਪੁਰ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਅੱਗੇ ਵਿਸ਼ਾਲ ਧਰਨਾ ਦੇਣਗੇ। ਇਸ ਪ੍ਰਦਰਸ਼ਨ ਵਿੱਚ ਸੂਬੇ ਭਰ ਤੋਂ ਕੰਪਿਊਟਰ ਅਧਿਆਪਕ ਵੱਡੀ ਗਿਣਤੀ ਵਿੱਚ ਭਾਗ ਲੈ ਰਹੇ ਹਨ।
ਕੰਪਿਊਟਰ ਅਧਿਆਪਕ ਜੌਨੀ ਸਿੰਗਲਾ ਜੋ ਕਿ 22 ਦਸੰਬਰ 2024 ਤੋਂ ਮਰਨ ਵਰਤ 'ਤੇ ਹਨ, ਇਸ ਅੰਦੋਲਨ ਦੇ ਕੇਂਦਰ ਵਿਚ ਹਨ। 2 ਜਨਵਰੀ ਦੀ ਰਾਤ ਨੂੰ ਪੁਲੀਸ ਨੇ ਉਸ ਨੂੰ ਧਰਨੇ ਵਾਲੀ ਥਾਂ ਤੋਂ ਜ਼ਬਰਦਸਤੀ ਚੁੱਕ ਕੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਪਰ ਸਿੰਗਲਾ ਨੇ ਉੱਥੇ ਵੀ ਆਪਣਾ ਮਰਨ ਵਰਤ ਜਾਰੀ ਰੱਖਿਆ ਹੈ। ਉਨ੍ਹਾਂ ਦੀ ਜ਼ਿੱਦ ਅਤੇ ਸੰਘਰਸ਼ ਨੇ ਅਧਿਆਪਕ ਲਹਿਰ ਨੂੰ ਮਜ਼ਬੂਤ ਕੀਤਾ ਹੈ, ਜਦੋਂ ਕਿ ਕਾਮਰੇਡ ਰਣਜੀਤ ਸਿੰਘ ਸੰਗਰੂਰ ਮੋਰਚੇ ਤੇ ਮਰਨ ਵਰਤ ’ਤੇ ਡਟੇ ਹੋਏ ਹਨ।
ਸਰਕਾਰ ਦੇ ਝੂਠੇ ਵਾਅਦਿਆਂ ਤੋਂ ਨਾਰਾਜ਼ ਅਧਿਆਪਕ
ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂਆਂ ਪਰਮਵੀਰ ਸਿੰਘ ਪੰਮੀ, ਪ੍ਰਦੀਪ ਕੁਮਾਰ ਮਲੂਕਾ, ਰਜਵੰਤ ਕੌਰ, ਰਣਜੀਤ ਸਿੰਘ, ਲਖਵਿੰਦਰ ਸਿੰਘ, ਬਵਲੀਨ ਕੌਰ, ਸੁਸ਼ੀਲ ਅੰਗੁਰਾਲ ਅਤੇ ਹੋਰ ਕੰਪਿਊਟਰ ਅਧਿਆਪਕਾਂ ਨੇ ਦੱਸਿਆ ਕਿ 15 ਸਤੰਬਰ 2022 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਨ੍ਹਾਂ ਦੀਆਂ ਮੰਗਾਂ ਨੂੰ 'ਦੀਵਾਲੀ ਤੋਹਫ਼ੇ' ਵਜੋਂ ਪੂਰਾ ਕਰਨ ਦਾ ਵਾਅਦਾ ਕੀਤਾ ਸੀ। ਪਰ ਤਿੰਨ ਸਾਲ ਅਤੇ ਤਿੰਨ ਦੀਵਾਲੀ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਅਧਿਆਪਕਾਂ ਨੇ ਕਿਹਾ ਕਿ ਉਹ ਸਰਕਾਰ ਦੇ ਝੂਠੇ ਭਰੋਸੇ ਤੋਂ ਅੱਕ ਚੁੱਕੇ ਹਨ ਅਤੇ ਹੁਣ ਫੈਸਲਾਕੁੰਨ ਸੰਘਰਸ਼ ਲਈ ਤਿਆਰ ਹਨ। ਕੰਪਿਊਟਰ ਅਧਿਆਪਕ ਆਗੂਆਂ ਨੇ ਦੱਸਿਆ ਕਿ ਇਹ ਅੰਦੋਲਨ 1 ਸਤੰਬਰ 2024 ਨੂੰ ਸੰਗਰੂਰ ਵਿੱਚ ਡੀਸੀ ਦਫ਼ਤਰ ਅੱਗੇ ਲੜੀਵਾਰ ਭੁੱਖ ਹੜਤਾਲ ਵਜੋਂ ਸ਼ੁਰੂ ਹੋਇਆ ਸੀ। ਜਦੋਂ ਸਰਕਾਰ ਨੇ ਤਿੰਨ ਮਹੀਨਿਆਂ ਤੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਕੰਪਿਊਟਰ ਅਧਿਆਪਕਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ। ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਵੀ ਨਵੀਂ ਮੰਗ ਨਹੀਂ ਹੈ ਅਤੇ ਉਹ ਸਿਰਫ਼ ਆਪਣੇ ਹੱਕਾਂ ਦੀ ਬਹਾਲੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਦਾ ਸੰਘਰਸ਼ ਹੁਣ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ। ਅੰਦੋਲਨ ਨੂੰ ਹੋਰ ਜਥੇਬੰਦੀਆਂ ਅਤੇ ਆਮ ਲੋਕਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ। ਅੱਜ ਦੇ ਪ੍ਰਦਰਸ਼ਨ ਵਿੱਚ ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਮੂਲੀਅਤ ਕਰਨਗੇ।
ਗੰਭੀਰਪੁਰ ਵਿੱਚ ਹੋਵੇਗਾ ਜ਼ੋਰਦਾਰ ਪ੍ਰਦਰਸ਼ਨ
ਗੰਭੀਰਪੁਰ ਵਿੱਚ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਕੀਤੇ ਜਾਣ ਵਾਲੇ ਧਰਨੇ ਸਬੰਧੀ ਅਧਿਆਪਕਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਸੰਘਰਸ਼ ਦਾ ਫੈਸਲਾਕੁੰਨ ਪਲ ਹੋ ਸਕਦਾ ਹੈ। ਕੰਪਿਊਟਰ ਅਧਿਆਪਕਾਂ ਨੇ ਦੱਸਿਆ ਕਿ ਅੱਜ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਧਰਨਾ ਦੇ ਕੇ ‘ਸਰਕਾਰ ਦਾ ਪਿੱਟ ਸਿਆਪਾ’ ਕਰਕੇ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਲਈ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੰਪਿਊਟਰ ਅਧਿਆਪਕ ਇੱਕ ਵਾਰ ਫਿਰ ਸਿੱਖਿਆ ਮੰਤਰੀ ਨੂੰ ਝੂਠੇ ਵਾਅਦਿਆਂ ਦੀ ਦੀਵਾਲੀ ਮਨਾਉਂਦੇ ਹੋਏ ਅੱਜ ਸਿੱਖਿਆ ਮੰਤਰੀ ਦੇ ਘਰ ਅੱਗੇ ਵੱਡੀ ਗਿਣਤੀ ਵਿੱਚ ਦੀਵੇ ਅਤੇ ਮੋਮਬੱਤੀਆਂ ਜਗਾ ਕੇ ਸਿੱਖਿਆ ਮੰਤਰੀ ਨੂੰ ਉਨ੍ਹਾਂ ਦੇ ‘ਦੀਵਾਲੀ ਤੋਹਫ਼ੇ’ ਦੀ ਯਾਦ ਦਿਵਾਉਣਗੇ।
ਕੀ ਹਨ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ?
ਕੰਪਿਊਟਰ ਅਧਿਆਪਕਾਂ ਅਨੁਸਾਰ ਉਨ੍ਹਾਂ ਦੀ ਕੋਈ ਨਵੀਂ ਮੰਗ ਨਹੀਂ ਹੈ, ਉਨ੍ਹਾਂ ਦੀ ਮੰਗ ਹੈ ਕਿ-
- ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ।
- ਛੇਵੇਂ ਤਨਖਾਹ ਕਮਿਸ਼ਨ ਦੇ ਲਾਭ ਅਤੇ ਉਨ੍ਹਾਂ ਦੇ ਰੈਗੂਲਰ ਆਰਡਰਾਂ ਵਿਚ ਦਰਜ ਸਾਰੇ ਲਾਭ ਬਹਾਲ ਕੀਤੇ ਜਾਣ।
- ਸਰਕਾਰ ਵੱਲੋਂ ਨਵੇਂ ਘੜੇ ਗਏ ਸੀਐਸਆਰ ਨਿਯਮਾਂ ਨੂੰ ਤੁਰੰਤ ਰੱਦ ਕੀਤਾ ਜਾਵੇ।