ਸ੍ਰੀ ਮੁਕਤਸਰ ਸਾਹਿਬ , 18 ਮਈ (ਸੁਖਪਾਲ ਸਿੰਘ ਢਿੱਲੋਂ)- ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਵੱਖ ਵੱਖ ਪਿੰਡਾਂ ਚੱਕ ਕਾਲਾ ਸਿੰਘ ਵਾਲਾ , ਜਵਾਹਰੇਵਾਲਾ , ਰੋੜਾਂਵਾਲੀ , ਭਾਗਸਰ , ਰਹੂੜਿਆਂ ਵਾਲੀ ਅਤੇ ਮੌੜ ਵਿਖੇ ਔਰਤਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ । ਇਹਨਾਂ ਮੀਟਿੰਗਾਂ ਵਿੱਚ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ।
ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਸਾਲ 2022 ਵਿੱਚ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਝੂਠਾ ਵਾਅਦਾ ਕਰਕੇ ਗੁੰਮਰਾਹ ਕੀਤਾ ਤੇ 25 ਮਹੀਨੇ ਲੰਘ ਜਾਣ ਦੇ ਬਾਵਜੂਦ ਵੀ ਔਰਤਾਂ ਨੂੰ ਪੈਸੇ ਨਹੀਂ ਦਿੱਤੇ ਗਏ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਹਰ ਫਰੰਟ ਤੇ ਫੇਲ ਸਾਬਤ ਹੋ ਗਈ ਹੈ ਤੇ ਲੋਕ ਇਸ ਪਾਰਟੀ ਨੂੰ ਬਿਲਕੁਲ ਨਿਕਾਰ ਚੁੱਕੇ ਹਨ ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਜੋ ਕੁੱਝ ਵੀ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੀਤਾ । ਆਟਾ ਦਾਲ ਸਕੀਮ , ਸ਼ਗਨ ਸਕੀਮ , ਬੁਢਾਪਾ ਪੈਨਸ਼ਨਾਂ , ਬੱਸ ਪਾਸ ਆਦਿ ਸਕੀਮਾਂ ਸਭ ਅਕਾਲੀ ਸਰਕਾਰ ਨੇ ਸੁਰੂ ਕੀਤੀਆਂ । ਕਿਸਾਨਾਂ ਨੂੰ ਮੁਫਤ ਟਿਊਬਵੈੱਲ ਕੁਨੈਕਸ਼ਨ , ਪਿੰਡਾਂ ਵਿੱਚ ਸੁਵਿਧਾ ਸੈਂਟਰ, ਜਲਘਰ , ਸਕੂਲ , ਸੜਕਾਂ , ਪੇਂਡੂ ਦਾਣਾ ਮੰਡੀਆਂ ਇਹ ਸਾਰਾ ਕੁਝ ਵੀ ਅਕਾਲੀ ਦਲ ਦੀ ਦੇਣ ਹੈ । ਗਰੀਬ ਲੋਕਾਂ ਨੂੰ ਘਰ ਬਣਾ ਕੇ ਦਿੱਤੇ , ਕਮਰੇ ਪਾਉਣ ਲਈ ਗ੍ਰਾਂਟਾਂ ਅਤੇ ਗ਼ਰੀਬਾਂ ਦੀ ਭਲਾਈ ਲਈ ਹੋਰ ਬਹੁਤ ਸਾਰੀਆਂ ਸਕੀਮਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਸ਼ੁਰੂ ਕੀਤੀਆਂ ਗਈਆਂ ਸਨ । ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ । ਅਨੇਕਾਂ ਗਰੀਬਾਂ ਨੂੰ ਰਾਸ਼ਨ ਡਿਪੂਆਂ ਤੇ ਕਣਕ ਨਹੀਂ ਮਿਲ ਰਹੀ । ਬੁਢਾਪਾ ਪੈਨਸ਼ਨਾਂ ਕੱਟੀਆਂ ਗਈਆਂ , ਸਗਨ ਸਕੀਮ ਦੇ ਪੈਸੇ ਨਹੀਂ ਮਿਲ ਰਹੇ ।
ਹਰਗੋਬਿੰਦ ਕੌਰ ਨੇ ਕਿਹਾ ਕਿ ਸਾਰੇ ਤਕੜੇ ਹੋ ਕੇ ਤੱਕੜੀ ਦੇ ਚੋਣ ਨਿਸ਼ਾਨ ਵਾਲਾ ਬਟਨ ਨੱਪ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਦਿਵਾਉ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਬੰਦ ਕੀਤੀਆਂ ਗਈਆਂ ਸਾਰੀਆਂ ਸਕੀਮਾਂ ਮੁੜ ਚਾਲੂ ਕੀਤੀਆਂ ਜਾਣਗੀਆਂ ।