ਮਾਨਸਾ: ਵਧਦੇ ਤਾਪਮਾਨ ਅਤੇ ਚੋਣ ਗਰਮੀ ਦੇ ਨਾਲ ਹੀ ਬਠਿੰਡਾ ਲੋਕ ਸਭਾ ਹਲਕਾ ਤੋਂ ਭਾਜਪਾ ਦੀ ਉਮੀਦਵਾਰ ਸੇਵਾਮੁਕਤ ਆਈਏਐਸ ਪਰਮਪਾਲ ਕੌਰ ਸਿੱਧੂ ਦਾ ਲੋਕ ਸੰਪਰਕ ਵੀ ਲਗਾਤਾਰ ਵਧਦਾ ਜਾ ਰਿਹਾ ਹੈ।
ਸ਼ਨੀਵਾਰ ਨੂੰ ਉਨ੍ਹਾਂ ਮਾਨਸਾ ਦੇ ਰੱਲਾ, ਸਮਾਓ, ਅਤਲਾ ਖੁਰਦ, ਗੱਟੀ, ਗੁਰਥੜੀ, ਰਵੀਵਾ ਕਲਾਂ, ਹੋਡਲਾ, ਜੱਸਦਵਾਲ, ਰਾਮਲੀਲਾ ਗਰਾਊਂਡ ਭੀਖੀ ਦੇ ਨਾਲ-ਨਾਲ ਬਠਿੰਡਾ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਖੇ ਚੋਣ ਪ੍ਰਚਾਰ ਕੀਤਾ। ਚੋਣ ਮੀਟਿੰਗ ਦੌਰਾਨ ਪਰਮਪਾਲ ਕੌਰ ਦੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਪ੍ਰਣ ਕੀਤਾ।
ਪਰਮਪਾਲ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਚੋਣ ਲੋਕਤੰਤਰ ਦੇ ਸਿਰਮੌਰ ਮੰਦਰ ਦੀ ਹੈ। ਇਹ ਪ੍ਰਧਾਨ ਮੰਤਰੀ ਮੋਦੀ ਦੇ ਦਸ ਸਾਲਾਂ ਦੇ ਕੰਮਾਂ 'ਤੇ ਮੋਹਰ ਲਾਉਣ ਵਾਲੀ ਚੋਣ ਹੈ। ਇਹ ਭਾਰਤ ਨੂੰ ਸਰਵੋਤਮ ਭਾਰਤ ਬਣਾਉਣ ਦੀ ਚੋਣ ਹੈ। ਇਹ ਭਾਰਤ ਨੂੰ ਵਿਸ਼ਵ ਨੇਤਾ ਬਣਨ ਵੱਲ ਕਦਮ ਵਧਾਉਣ ਦੀ ਚੋਣ ਹੈ, ਜਿਸ ਵਿੱਚ ਹਰ ਨਾਗਰਿਕ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਸਿੱਧਾ ਲਾਭ ਪੰਜਾਬ ਦੇ ਲੋਕਾਂ ਨੂੰ ਮਿਲ ਰਿਹਾ ਹੈ। ਕੇਂਦਰ ਸਰਕਾਰ ਕਿਸਾਨਾਂ, ਨੌਜਵਾਨਾਂ, ਔਰਤਾਂ, ਬਜ਼ੁਰਗਾਂ ਅਤੇ ਹਰ ਵਰਗ ਦੇ ਲੋਕਾਂ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ।
ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਝੂਠੇ ਵਾਅਦੇ ਕਰਕੇ ਧੋਖਾ ਦੇਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਸਬਕ ਸਿਖਾਉਣ ਅਤੇ ਭਾਰਤੀ ਜਨਤਾ ਪਾਰਟੀ ਦਾ ਸਾਥ ਦੇ ਕੇ ਮਜ਼ਬੂਤ ਕਰਨ।
ਚੋਣ ਮੀਟਿੰਗ ਦੌਰਾਨ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਵੀ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦਿਆਂ ਲੋਕਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਕੰਮ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ, ਜਿਸ ਨੂੰ ਪੂਰਾ ਕਰਨ ਵਿੱਚ ਇਹ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇਸ ਦੇ ਨਾਲ ਹੀ ਕੇਂਦਰ ਦੀ ਮੋਦੀ ਸਰਕਾਰ ਪੂਰੇ ਦੇਸ਼ ਦੇ ਲੋਕਾਂ ਲਈ ਦਿਨ-ਰਾਤ ਕੰਮ ਕਰ ਰਹੀ ਹੈ।
ਚੋਣ ਪ੍ਰਚਾਰ ਵਿੱਚ ਸੰਦੀਪ ਸਿੰਘ, ਬਲਵਿੰਦਰ ਸਿੰਘ, ਮਨਦੀਪ ਮਾਨ, ਪਵਨ ਜੈਨ, ਡਾ ਗੁਰਤੇਜ ਸਿੰਘ, ਡਾ ਸੁਮਿੰਦਰ ਸਿੰਘ, ਭੋਲਾ ਸਿੰਘ, ਸੁਖਪਾਲ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ |