- ਪੰਜਾਬ ਸਰਕਾਰ ਦੋਵੇ ਚਿੱਠੀਆਂ ਵਾਪਸ ਲਵੇ -
ਚੰਡੀਗੜ੍ਹ/ਸ੍ਰੀ ਮੁਕਤਸਰ ਸਾਹਿਬ, 24 ਮਈ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਯੂਨੀਅਨ ਦੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 27 ਮਈ ਦਿਨ ਸੋਮਵਾਰ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਨਗੀਆਂ ।
ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ । ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਆਂਗਣਵਾੜੀ ਵਰਕਰਾਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ । ਇਸੇ ਤਰ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ ਕਿ ਇੱਕ ਆਂਗਣਵਾੜੀ ਸੈਂਟਰ ਵਿੱਚ ਦੋ ਵਰਕਰਾਂ ਨਹੀਂ ਬੈਠ ਸਕਣਗੀਆਂ । ਉਹਨਾਂ ਕਿਹਾ ਕਿ ਪੰਜਾਬ ਵਿੱਚ ਲਗਭਗ 27 ਹਜ਼ਾਰ ਆਂਗਣਵਾੜੀ ਵਰਕਰਾਂ ਹਨ । ਪਰ ਸਰਕਾਰੀ ਇਮਾਰਤਾਂ ਸਿਰਫ 8 ਕੁ ਹਜ਼ਾਰ ਹੀ ਹਨ ਤੇ 19 ਹਜ਼ਾਰ ਆਂਗਣਵਾੜੀ ਸੈਂਟਰਾਂ ਦੀਆਂ ਸਰਕਾਰੀ ਇਮਾਰਤਾਂ ਹੀ ਨਹੀਂ ਹਨ । ਹੋਰ ਆਂਗਣਵਾੜੀ ਸੈਂਟਰ ਲਗਾਉਣ ਲਈ ਕਿਧਰੇ ਥਾਂ ਹੀ ਨਹੀਂ ਹੈ । ਪਹਿਲਾਂ ਵਾਲੇ ਸੈਂਟਰ ਵੀ ਕੰਢਮ ਹੋ ਚੁੱਕੀਆਂ ਧਰਮਸ਼ਾਲਾਵਾਂ ਵਿੱਚ ਚੱਲ ਰਹੇ ਹਨ ਤੇ ਇਕ ਆਂਗਣਵਾੜੀ ਸੈਂਟਰ ਵਿੱਚ ਕਈ ਵਰਕਰਾਂ ਤੇ ਹੈਲਪਰਾਂ ਬੈਠਦੀਆਂ ਹਨ ।
ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਛੁੱਟੀਆਂ ਬੰਦ ਕਰਨ ਵਾਲਾ ਤੇ ਆਂਗਣਵਾੜੀ ਸੈਂਟਰਾਂ ਵਿੱਚ ਹੋਰ ਵਰਕਰਾਂ ਨੂੰ ਨਾ ਬਿਠਾਏ ਜਾਣ ਵਾਲਾ ਆਪਣਾ ਫੈਸਲਾ ਵਾਪਸ ਲਵੇ । ਜਿੰਨਾ ਚਿਰ ਇਹ ਚਿੱਠੀਆਂ ਵਾਪਸ ਨਹੀਂ ਲਈਆਂ ਜਾਂਦੀਆਂ ਜਥੇਬੰਦੀ ਵੱਲੋਂ ਇਸ ਦੇ ਖਿਲਾਫ ਸੰਘਰਸ਼ ਕੀਤਾ ਜਾਵੇਗਾ ।