ਸੂਬੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਹਰਗੋਬਿੰਦ ਕੌਰ ਦੇ ਨਾਲ ਚਟਾਨ ਵਾਂਗ ਖੜੀਆਂ ਹਨ

BTTNEWS
0

 ਆਂਗਣਵਾੜੀ ਵਰਕਰਾਂ 'ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ 

 ਸ੍ਰੀ ਮੁਕਤਸਰ ਸਾਹਿਬ , 17 ਮਈ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਬਲਾਕ ਸ੍ਰੀ ਮੁਕਤਸਰ ਸਾਹਿਬ  ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਜ਼ਿਲਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਅਤੇ ਪੰਜਾਬ ਸਰਕਾਰ ਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ । 

     

ਸੂਬੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਹਰਗੋਬਿੰਦ ਕੌਰ ਦੇ ਨਾਲ ਚਟਾਨ ਵਾਂਗ ਖੜੀਆਂ ਹਨ

    ਪਹਿਲਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸਿਰ ਤੇ ਕਾਲੀਆ ਚੁੰਨੀਆਂ ਲੈ ਕੇ ਜ਼ਿਲਾ ਪ੍ਰੋਗਰਾਮ ਦਫ਼ਤਰ ਦੇ ਅੱਗੇ ਇਕੱਠੀਆਂ ਹੋਈਆਂ ਤੇ ਫੇਰ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਚੌਂਕ ਵਿੱਚ ਜਾ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਕਹਿਣਾ ਸੀ ਕਿ ਸਰਕਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਜਾਣ ਬੁੱਝ ਕੇ ਬਿਨਾ ਕਿਸੇ ਗੱਲੋ ਤੰਗ ਪ੍ਰੇਸ਼ਾਨ ਕਰ ਰਹੀ ਹੈ । ਪਰ ਜਥੇਬੰਦੀ ਪੰਜਾਬ ਸਰਕਾਰ ਨੂੰ  ਕਰਾਰਾ ਅਤੇ ਮੂੰਹ ਤੋੜਵਾਂ ਜਵਾਬ ਦੇਵੇਗੀ । 

            ਉਹਨਾਂ ਕਿਹਾ ਹੈ ਕਿ ਹਰਗੋਬਿੰਦ ਕੌਰ ਪਿਛਲੇਂ 31 ਸਾਲਾਂ ਤੋਂ ਸਾਡੀ ਅਗਵਾਈ ਕਰ ਰਹੀ ਹੈ ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਹੱਕਾਂ ਲਈ ਸਰਕਾਰਾਂ ਨਾਲ ਤਕੜੇ ਸੰਘਰਸ਼ ਲੜੇ ਹਨ ਅਤੇ ਜੇਲਾਂ ਕੱਟੀਆਂ ਹਨ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਸਨਮਾਨ ਦੀ ਜ਼ਿੰਦਗੀ ਦਿਵਾਉਣ ਵਾਸਤੇ ਉਹਨਾਂ ਨੇ ਆਪਣੀ ਜ਼ਿੰਦਗੀ ਦਾਅ ਤੇ ਲਗਾਈ । ਸਮੇਂ ਦੀਆਂ ਸਰਕਾਰਾਂ ਕੋਲੋਂ ਬਹੁਤ ਸਾਰੀਆਂ ਮੰਗਾਂ ਪੂਰੀਆਂ ਕਰਵਾਈਆਂ । ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਕਿਉਂਕਿ ਸਰਕਾਰ ਵੱਲੋਂ ਵਰਕਰਾਂ ਤੇ ਹੈਲਪਰਾਂ ਨੂੰ ਲੰਮਾ ਸਮਾਂ ਮਾਣ ਭੱਤਾ ਨਹੀਂ ਦਿੱਤਾ ਜਾਂਦਾ । ਉਹਨਾਂ ਕਿਹਾ ਕਿ ਅੱਜ ਵੀ ਸਮਾਜ ਭਲਾਈ ਬੋਰਡ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਪਿਛਲੇਂ  8 ਮਹੀਨਿਆਂ ਤੋਂ ਮਾਣ ਭੱਤੇ ਨੂੰ ਤਰਸ ਰਹੀਆਂ ਹਨ । ਉਹਨਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿੱਚ ਭੇਜਿਆ ਜਾ ਰਿਹਾ ਰਾਸ਼ਨ ਵੀ ਘਟੀਆ ਕੁਆਲਿਟੀ ਦਾ ਹੈ । ਨਾਲ ਹੀ ਹੈਲਪਰ ਤੋਂ ਵਰਕਰ ਬਣੀਆ , ਮਿੰਨੀ ਵਰਕਰ ਤੋਂ ਫੁੱਲ ਵਰਕਰ ਬਣੀਆ ਅਤੇ ਨਵਨਿਯੁਕਤ ਵਰਕਰ ਤੇ ਹੈਲਪਰ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਮਾਣ ਭੱਤਾ ਨਹੀਂ ਦਿੱਤਾ ਜਾ ਰਿਹਾ ਅਤੇ ਉਸ ਤੇ ਕੱਟ ਲਗਾਇਆ ਜਾ ਰਿਹਾ ਹੈ । ਇਸ ਲਈ ਯੂਨੀਅਨ ਨੂੰ ਆਪਣੀਆਂ ਇਹਨਾਂ ਮੰਗਾਂ ਲਈ ਸੰਘਰਸ਼ ਕਰਨਾ ਪੈਂਦਾ ਹੈ । ਸਰਕਾਰ ਨਹੀਂ ਚਾਹੁੰਦੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਆਪਣੇ ਹੱਕਾਂ ਦੀ ਗੱਲ ਕਰਨ । ਇਸੇ ਕਰਕੇ ਪ੍ਰਧਾਨ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਮਹਿਕਮੇ ਵੱਲੋਂ ਵਾਰ ਵਾਰ ਉਹਨਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ ।

        ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੰਜਾਬ ਸਰਕਾਰ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੀਆਂ ਨਹੀਂ ਹਨ ਅਤੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ । ਉਹਨਾਂ ਕਿਹਾ ਕਿ ਸੂਬੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਹਰਗੋਬਿੰਦ ਕੌਰ ਦੇ ਨਾਲ ਚਟਾਨ ਵਾਂਗ ਖੜੀਆਂ ਹਨ । ਇਸ ਮੌਕੇ ਇਸ ਮੌਕੇ ਮਨਜੀਤ ਕੌਰ ਡੋਹਕ , ਚਰਨਜੀਤ ਕੌਰ ਮੁਕਤਸਰ , ਅੰਮ੍ਰਿਤਪਾਲ ਕੌਰ ਥਾਂਦੇਵਾਲਾ , ਸੁਖਵਿੰਦਰ ਕੌਰ ਸੰਗੂਧੌਣ , ਸੰਦੀਪ ਕੌਰ , ਪ੍ਰਭਜੀਤ ਕੌਰ , ਮਧੂ ਬਾਲਾ , ਹਰਪ੍ਰੀਤ ਕੌਰ ਮੁਕਤਸਰ ਅਤੇ ਪਰਮਜੀਤ ਕੌਰ ਬਾਵਾ ਆਦਿ ਆਗੂ ਮੌਜੂਦ ਸਨ ।

Post a Comment

0Comments

Post a Comment (0)