-20 ਮਈ ਨੂੰ ਵਿਭਾਗ ਦੀ ਮੰਤਰੀ ਤੇ ਡਾਇਰੈਕਟਰ ਨੂੰ ਭੇਜੇ ਜਾਣਗੇ ਨੋਟਿਸ
ਬਠਿੰਡਾ/ਸ੍ਰੀ ਮੁਕਤਸਰ ਸਾਹਿਬ, 19 ਮਈ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਆਗੂਆਂ ਨੇ ਸ਼ਮੂਲੀਅਤ ਕੀਤੀ । ਮੀਟਿੰਗ ਵਿੱਚ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਗਈ ।
ਮੀਟਿੰਗ ਵਿੱਚ ਬੋਲਦਿਆ ਹਰਗੋਬਿੰਦ ਕੌਰ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਸੂਬੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਤੇ ਜੋ ਨੀਤੀਆਂ ਘੜੀਆਂ ਜਾ ਰਹੀਆਂ ਹਨ ਉਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਖਿਲਾਫ ਹਨ । ਪਰ ਜਥੇਬੰਦੀ ਇਹ ਬਰਦਾਸ਼ਤ ਨਹੀਂ ਕਰੇਗੀ ਤੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਡਟ ਕੇ ਮੁਕਾਬਲਾ ਕਰੇਗੀ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਮੰਨਣ ਦੀਆਂ ਬਿਜਾਏ ਉਲਟਾ ਹੋਰ ਨਵੇਂ ਹੁਕਮ ਚਾੜ੍ਹ ਰਹੀਂ ਹੈ ।
ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ । ਇਸੇ ਤਰ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਹੁਕਮ ਆਇਆ ਹੈ ਕਿ ਇੱਕ ਆਂਗਣਵਾੜੀ ਸੈਂਟਰ ਵਿੱਚ ਦੋ ਵਰਕਰਾਂ ਨਹੀਂ ਬੈਠ ਸਕਣਗੀਆਂ । ਉਹਨਾਂ ਕਿਹਾ ਕਿ ਪੰਜਾਬ ਵਿੱਚ ਲਗਭਗ 27 ਹਜ਼ਾਰ ਆਂਗਣਵਾੜੀ ਵਰਕਰਾਂ ਹਨ । ਪਰ ਸਰਕਾਰੀ ਇਮਾਰਤਾਂ ਸਿਰਫ 8 ਕੁ ਹਜ਼ਾਰ ਹੀ ਹਨ ਤੇ 19 ਹਜ਼ਾਰ ਆਂਗਣਵਾੜੀ ਸੈਂਟਰਾਂ ਦੀਆਂ ਸਰਕਾਰੀ ਇਮਾਰਤਾਂ ਹੀ ਨਹੀਂ ਹਨ । ਹੋਰ ਆਂਗਣਵਾੜੀ ਸੈਂਟਰ ਲਗਾਉਣ ਲਈ ਕਿਧਰੇ ਥਾਂ ਹੀ ਨਹੀਂ ਹੈ । ਪਹਿਲਾਂ ਵਾਲੇ ਸੈਂਟਰ ਵੀ ਕੰਢਮ ਹੋ ਚੁੱਕੀਆਂ ਧਰਮਸ਼ਾਲਾਵਾਂ ਵਿੱਚ ਚੱਲ ਰਹੇ ਹਨ ।
ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਛੁੱਟੀਆਂ ਬੰਦ ਕਰਨ ਵਾਲਾ ਤੇ ਆਂਗਣਵਾੜੀ ਸੈਂਟਰਾਂ ਵਿੱਚ ਹੋਰ ਵਰਕਰਾਂ ਨੂੰ ਨਾ ਬਿਠਾਏ ਜਾਣ ਵਾਲਾ ਆਪਣਾ ਫੈਸਲਾ ਵਾਪਸ ਲਵੇ ।
ਉਹਨਾਂ ਦੱਸਿਆ ਕਿ 20 ਮਈ ਨੂੰ ਜਥੇਬੰਦੀ ਵੱਲੋਂ ਪੰਜਾਬ ਭਰ ਵਿਚੋਂ ਵਿਭਾਗ ਦੀ ਮੰਤਰੀ ਅਤੇ ਵਿਭਾਗ ਦੇ ਡਾਇਰੈਕਟਰ ਨੂੰ ਇਹ ਫੈਸਲਾ ਵਾਪਸ ਲੈਣ ਲਈ ਨੋਟਿਸ ਭੇਜੇ ਜਾਣਗੇ । ਜੇਕਰ ਇਕ ਹਫਤੇ ਤੱਕ ਇਹ ਫੈਸਲਾ ਵਾਪਸ ਨਾ ਲਿਆ ਤਾਂ 27 ਮਈ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ।
ਹਰਗੋਬਿੰਦ ਕੌਰ ਨੇ ਇਹ ਵੀ ਕਿਹਾ ਕਿ ਸਮਾਜ ਭਲਾਈ ਬੋਰਡ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ 8 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ । ਜਿਸ ਕਰਕੇ ਉਹ ਪ੍ਰੇਸ਼ਾਨ ਹੋ ਰਹੀਆਂ ਹਨ । ਪਿਛਲੇਂ ਲੰਮੇ ਸਮੇਂ ਤੋਂ ਆਂਗਣਵਾੜੀ ਸੈਂਟਰਾਂ ਦੇ ਕਿਰਾਏ ਨਹੀਂ ਦਿੱਤੇ ਜਾ ਰਹੇ । ਆਂਗਣਵਾੜੀ ਸੈਂਟਰਾਂ ਵਿੱਚ ਲਾਭਪਾਤਰੀਆਂ ਲਈ ਘਟੀਆ ਕੁਆਲਿਟੀ ਦਾ ਰਾਸ਼ਨ ਭੇਜਿਆ ਜਾ ਰਿਹਾ । ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ । ਆਂਗਣਵਾੜੀ ਸੈਂਟਰਾਂ ਦੇ ਬੱਚੇ ਵਾਪਸ ਨਹੀਂ ਕੀਤੇ ਜਾ ਰਹੇ । ਸਰਕਾਰ ਜਥੇਬੰਦੀ ਦੀਆਂ ਸਾਰੀਆਂ ਮੰਗਾਂ ਮੰਨੇ ।
ਇਸ ਮੀਟਿੰਗ ਵਿੱਚ ਸ਼ਿੰਦਰਪਾਲ ਕੌਰ ਥਾਂਦੇਵਾਲਾ , ਗੁਰਮੀਤ ਕੌਰ ਗੋਨੇਆਣਾ , ਬਲਵੀਰ ਕੌਰ ਮਾਨਸਾ , ਸ਼ਿੰਦਰਪਾਲ ਕੌਰ ਭਗਤਾ , ਸਤਵੰਤ ਕੌਰ ਭੋਗਪੁਰ , ਗੁਰਅੰਮ੍ਰਿਤ ਕੌਰ ਸਿੱਧਵਾਂ ਬੇਟ , ਗੁਰਮੀਤ ਕੌਰ ਦਬੜੀਖਾਨਾ , ਰੇਸ਼ਮਾਂ ਰਾਣੀ ਫਾਜ਼ਿਲਕਾ , ਕਿਰਨਜੀਤ ਕੌਰ ਭੰਗਚੜੀ , ਕੁਲਵੰਤ ਕੌਰ ਲੁਹਾਰਾ , ਪਰਮਜੀਤ ਕੌਰ ਰੁਲਦੂ ਵਾਲਾ , ਜਸਵੀਰ ਕੌਰ ਬਠਿੰਡਾ , ਸਤਵੰਤ ਕੌਰ ਤਲਵੰਡੀ ਸਾਬੋ , ਭੋਲੀ ਕੌਰ ਮਹਿਲਕਲਾਂ , ਸੁਰਿੰਦਰ ਕੌਰ ਮਲੇਰਕੋਟਲਾ , ਬਲਵਿੰਦਰ ਕੌਰ ਮਾਨਸਾ , ਸੁਰਿੰਦਰ ਕੌਰ ਜੋੜਕੀਆਂ , ਮਨਜੀਤ ਕੌਰ ਸਿੱਧਵਾਂ ਬੇਟ , ਸੁਨੀਤਾ ਲੋਹੀਆਂ , ਜਸਪਾਲ ਕੌਰ ਮੋਗਾ , ਗਿਆਨ ਕੌਰ ਦੂਹੇਵਾਲਾ ਆਦਿ ਆਗੂ ਮੌਜੂਦ ਸਨ ।