ਸ੍ਰੀ ਮੁਕਤਸਰ ਸਾਹਿਬ , 4 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਗਰੁੱਪ ਦੇ ਸੀਨੀਅਰ ਆਗੂ ਜਲੰਧਰ ਸਿੰਘ ਭਾਗਸਰ ਜੋ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ ਦੀ ਅੰਤਿਮ ਅਰਦਾਸ ਪਿੰਡ ਭਾਗਸਰ ਵਿਖੇ ਨਹਿਰ ਵਾਲੇ ਗੁਰਦੁਆਰਾ ਸਾਹਿਬ ਵਿਖੇ ਹੋਈ ।
ਵਰਨਣਯੋਗ ਹੈ ਕਿ ਜਲੰਧਰ ਸਿੰਘ ਕਿਸਾਨੀ ਸੰਘਰਸ਼ ਦੌਰਾਨ ਖਨੋਰੀ ਬਾਰਡਰ ਤੇ ਗਏ ਸਨ ਤੇ ਉਥੇ ਪੁਲਿਸ ਵੱਲੋਂ ਦਾਗੇ ਗਏ ਅੱਥਰੂ ਗੈਸ ਦੇ ਗੋਲਿਆਂ ਕਾਰਨ ਬਿਮਾਰ ਹੋ ਗਏ ਸਨ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ । ਪਰ ਉਹ ਬਚ ਨਹੀਂ ਸਕੇ ।
ਉਹਨਾਂ ਦੀ ਅੰਤਿਮ ਅਰਦਾਸ ਮੌਕੇ ਵੱਡਾ ਇਕੱਠ ਸੀ । ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਗਰੁੱਪ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਇਸ ਮੌਕੇ ਜਲੰਧਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਹੋਈਆਂ ਮੌਤਾਂ ਅਜਾਈ ਨਹੀਂ ਜਾਣਗੀਆਂ ।
ਇਸ ਮੌਕੇ ਸੁਖਜੀਤ ਸਿੰਘ ਹਰਦੋਝੰਡੇ, ਲਖਵਿੰਦਰ ਸਿੰਘ ਔਲਖ ਅਤੇ ਵੱਡੀ ਗਿਣਤੀ ਵਿੱਚ ਹੋਰ ਆਗੂ ਪਹੁੰਚੇ । ਸਟੇਟ ਦੀ ਕਾਰਵਾਈ ਹਰਿੰਦਰ ਸਿੰਘ ਥਾਂਦੇਵਾਲਾ ਨੇ ਚਲਾਈ । ਇਹ ਜਾਣਕਾਰੀ ਕਿਸਾਨ ਆਗੂ ਗੁਰਦੀਪ ਸਿੰਘ ਬਰਾੜ ਭਾਗਸਰ ਨੇ ਦਿੱਤੀ ।