ਸ੍ਰੀ ਮੁਕਤਸਰ ਸਾਹਿਬ , 7 ਮਾਰਚ (ਸੁਖਪਾਲ ਸਿੰਘ ਢਿੱਲੋਂ)- ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਔਲਖ ਦੀ ਦਾਣਾ ਮੰਡੀ ਵਿੱਚ ਅੱਜ ਕੌਮਾਂਤਰੀ ਇਸਤਰੀ ਦਿਵਸ ਮਨਾਇਆ ਗਿਆ । ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਮੁੱਖ ਮੰਤਰੀ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਸਪੈਸ਼ਲ ਮਹਿਮਾਨ ਨਾਈਬ ਤਹਿਸੀਲਦਾਰ ਜਸਵਿੰਦਰ ਕੌਰ ਪੁੱਜੇ । ਇਹ ਸਮਾਗਮ ਐਚ ਡੀ ਐਫ ਸੀ ਬੈਂਕ ਅਤੇ ਅੰਬੂਜਾ ਸੀਮਿੰਟ ਵੱਲੋਂ ਕਰਵਾਇਆ ਗਿਆ ਸੀ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ ।
ਇਸ ਮੌਕੇ ਬੋਲਦਿਆਂ ਹਰਗੋਬਿੰਦ ਸਾਹਿਬ ਜੋ ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਦੇ ਚੈਅਰਪਰਸਨ ਵੀ ਹਨ ਨੇ ਕਿਹਾ ਔਰਤਾਂ ਨੂੰ ਬਰਾਬਰਤਾ ਦੇ ਹੱਕ , ਪੂਰਾ ਮਾਣ ਸਤਿਕਾਰ ਅਤੇ ਨਿਆਂ ਮਿਲਣਾ ਚਾਹੀਦਾ ਹੈ । ਪਰ ਤ੍ਰਾਸਦੀ ਇਹ ਹੈ ਕਿ ਅਨੇਕਾਂ ਔਰਤਾਂ ਮਰਦਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੀਆਂ ਹਨ ਤੇ ਗੁਲਾਮਾਂ ਵਾਲੀ ਜ਼ਿੰਦਗੀ ਭੋਗ ਰਹੀਆਂ ਹਨ । ਕਿਧਰੇ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ।
ਉਹਨਾਂ ਕਿਹਾ ਕਿ ਔਰਤਾਂ ਦੇ ਹੱਕਾਂ ਖਾਤਰ ਲੜਾਈ ਲੜ ਰਹੀਆਂ ਜਾਗਰੂਕ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਪੀੜਤ ਔਰਤਾਂ ਦੀ ਮੱਦਦ ਕਰਨ । ਹਰਗੋਬਿੰਦ ਕੌਰ ਨੇ ਕਿਹਾ ਕਿ ਪੀੜਤ ਔਰਤਾਂ ਉਹਨਾਂ ਦੀ ਸੰਸਥਾ ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਨਾਲ ਸੰਪਰਕ ਕਰ ਸਕਦੀਆਂ ਹਨ ।
ਪ੍ਰਬੰਧਕਾਂ ਵੱਲੋਂ ਇਸ ਮੌਕੇ ਹਰਗੋਬਿੰਦ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਸੰਜੀਵ ਕੁਮਾਰ , ਸੁਖਰਤੀ ਮਲਕ ਅਤੇ ਕਿਸਾਨ ਆਗੂ ਭਗਵੰਤ ਸਿੰਘ ਮਿੱਡਾ ਆਦਿ ਮੌਜੂਦ ਸਨ ।