ਲੰਬੀ/ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਅੱਜ ਇਸ ਖੇਤਰ ਦੇ ਪਿੰਡ ਚੰਨੂੰ ਵਿਖੇ ਮੀਟਿੰਗ ਕੀਤੀ ਗਈ ।
ਜਿਸ ਦੌਰਾਨ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।
ਬੀਬੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਝੂਠੇ ਲਾਰਿਆਂ ਵਾਲੀ ਪਾਰਟੀ ਹੈ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ । ਜਿਸ ਕਰਕੇ ਲੋਕ ਆਪਣੇ ਆਪ ਨੂੰ ਲੁੱਟੇ ਹੋਏ ਮਹਿਸੂਸ ਕਰ ਰਹੇ ਹਨ । ਉਹਨਾਂ ਕਿਹਾ ਕਿ ਝਾੜੂ ਦਾ ਤੀਲਾ ਤੀਲਾ ਖਿਲਰ ਰਿਹਾ ਹੈ ਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਜਿੱਤਣਾ । ਉਹਨਾਂ ਕਿਹਾ ਕਿ ਜਿਸ ਪਾਰਟੀ ਦਾ ਸੁਪਰੀਮੋ ਹੀ ਘਪਲੇ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੈਠਾ ਉਹ ਪਾਰਟੀ ਆਮ ਲੋਕਾਂ ਦਾ ਕੀ ਕਰ ਦੇਵੇਗੀ ।
ਹਰਗੋਬਿੰਦ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਔਰਤਾਂ ਦੇ ਨਾਲ ਵਾਅਦਾ ਕੀਤਾ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਹਰ ਔਰਤ ਨੂੰ ਹਜ਼ਾਰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਵਾਂਗੇ ਪ੍ਰੰਤੂ 24 ਮਹੀਨੇ ਬੀਤ ਗਏ ਹਨ ਔਰਤਾਂ ਨੂੰ ਇੱਕ ਰੁਪਿਆ ਵੀ ਨਹੀਂ ਦਿੱਤਾ ਗਿਆ ।
ਉਹਨਾਂ ਦੋਸ਼ ਲਗਾਇਆ ਸਰਕਾਰ ਵੱਲੋਂ ਲੱਖਾਂ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ । ਪੰਜਾਬ ਸਰਕਾਰ ਵੱਲੋਂ 600 ਯੂਨਿਟ ਬਿਜਲੀ ਮਾਫ ਕੀਤੀ ਗਈ ਹੈ ਪ੍ਰੰਤੂ ਗਰੀਬ ਵਰਗ ਦੇ ਬਿੱਲ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਵਿੱਚ ਆ ਰਹੇ ਹਨ । ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਦਿੱਤੀ ਜਾ ਰਹੀ ਸ਼ਗਨ ਸਕੀਮ ਪਿਛਲੇ ਛੇ ਸਾਲਾਂ ਤੋਂ ਬੰਦ ਪਈ ਹੈ । ਗਰੀਬ ਘਰਾਂ ਦੇ ਬੱਚਿਆਂ ਨੂੰ ਖਾਸ ਕਰਕੇ ਲੜਕੀਆਂ ਨੂੰ ਦਿੱਤੇ ਜਾਣ ਵਾਲੇ ਵਜ਼ੀਫੇ ਪਿਛਲੇ ਸਮੇਂ ਤੋਂ ਬੰਦ ਹਨ ।
ਉਹਨਾਂ ਕਿਹਾ ਲੋਕ ਸਭਾ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ । ਇਸ ਲਈ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਦਿਵਾਉ ।
ਇਸ ਮੌਕੇ ਸਰਕਲ ਪ੍ਰਧਾਨ ਬੇਅੰਤ ਕੌਰ , ਰੁਪਿੰਦਰ ਕੌਰ ਪ੍ਰਧਾਨ , ਜਸਵਿੰਦਰ ਕੌਰ ਪ੍ਰਧਾਨ , ਸਰਬਜੀਤ ਕੌਰ ਪ੍ਰਧਾਨ , ਮਨਦੀਪ ਕੌਰ ਪ੍ਰਧਾਨ , ਧਰਮਿੰਦਰ ਕੌਰ ਅਤੇ ਪਲਵਿੰਦਰ ਕੌਰ ਆਦਿ ਆਗੂ ਮੌਜੂਦ ਸਨ ।
ਇਸ ਤੋਂ ਪਹਿਲਾਂ ਹਰਗੋਬਿੰਦ ਕੌਰ ਨੇ ਪਿੰਡ ਬਾਦਲ ਵਿਖੇ ਸੁਖਬੀਰ ਸਿੰਘ ਬਾਦਲ ਦੇ ਘਰ ਲੰਬੀ ਹਲਕੇ ਦੀਆਂ ਇਸਤਰੀ ਆਗੂਆਂ ਨਾਲ ਮੀਟਿੰਗ ਕੀਤੀ । ਇਸ ਮੀਟਿੰਗ ਵਿੱਚ ਬਲਾਕ ਪ੍ਰਧਾਨ ਮਨਜੀਤ ਕੌਰ ਲੰਬੀ ਅਤੇ ਸਰਕਲ ਪ੍ਰਧਾਨਾਂ ਮੌਜੂਦ ਸਨ । ਇਸ ਮੀਟਿੰਗ ਵਿੱਚ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਇਸਤਰੀ ਅਕਾਲੀ ਦਲ ਦੀਆਂ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ।