- ਇਸਤਰੀ ਅਕਾਲੀ ਦਲ ਵੱਲੋਂ ਮਾਨਸਾ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ
-ਔਰਤਾਂ ਨੇ ਆਮ ਆਦਮੀ ਪਾਰਟੀ ਦੀ ਝੂਠੇ ਲਾਰਿਆਂ ਵਾਲੀ ਪੰਡ ਨੂੰ ਫੂਕਿਆ
ਮਾਨਸਾ , 17 ਮਾਰਚ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਅੱਜ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਮਾਨਸਾ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ ।
ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਝੂਠੇ ਲਾਰਿਆਂ ਵਾਲੀ ਪਾਰਟੀ ਹੈ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ । ਜਿਸ ਕਰਕੇ ਲੋਕ ਆਪਣੇ ਆਪ ਨੂੰ ਲੁੱਟੇ ਹੋਏ ਮਹਿਸੂਸ ਕਰ ਰਹੇ ਹਨ । ਪਰ ਹੁਣ ਲੋਕ ਆਮ ਆਦਮੀ ਪਾਰਟੀ ਦੀਆਂ ਚਾਲਾਂ ਵਿੱਚ ਨਹੀਂ ਆਉਂਦੇ ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਔਰਤਾਂ ਦੇ ਨਾਲ ਵਾਅਦਾ ਕੀਤਾ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਹਰ ਔਰਤ ਨੂੰ ਹਜਾਰ ਹਜਾਰ ਰੁਪਏ ਪ੍ਰਤੀ ਮਹੀਨਾ ਦੇਵਾਂਗੇ ਪ੍ਰੰਤੂ 24 ਮਹੀਨੇ ਬੀਤ ਗਏ ਹਨ ਔਰਤਾਂ ਨੂੰ ਇੱਕ ਰੁਪਿਆ ਵੀ ਨਹੀਂ ਦਿੱਤਾ ਗਿਆ । ਉਹਨਾਂ ਕਿਹਾ ਕਿ ਔਰਤਾਂ ਨੂੰ 24 ਹਜਾਰ ਰੁਪਿਆ ਬਕਾਏ ਸਮੇਤ ਹਜ਼ਾਰ ਰੁਪਏ ਦੀ ਰਾਸ਼ੀ ਹਰ ਮਹੀਨੇ ਦੇਣੀ ਯਕੀਨੀ ਬਣਾਈ ਜਾਵੇ ।
ਉਹਨਾਂ ਕਿਹਾ ਸਰਕਾਰ ਵੱਲੋਂ ਲੱਖਾਂ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ , ਪਿਛਲੇਂ ਛੇ ਸੱਤ ਸਾਲ ਦੇ ਸਮੇਂ ਤੋਂ ਨਵੇਂ ਜੀਆਂ ਨੂੰ ਰਾਸ਼ਨ ਕਾਰਡ ਵਿੱਚ ਐਡ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਨਵੇਂ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ । ਰਾਸ਼ਨ ਵੀ ਪੂਰਾ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਕੱਟੇ ਗਏ ਰਾਸ਼ਨ ਕਾਰਡ ਤੁਰੰਤ ਚਾਲੂ ਕੀਤੇ ਜਾਣ , ਨਵੇਂ ਜੀਆਂ ਨੂੰ ਰਾਸ਼ਨ ਕਾਰਡ ਵਿੱਚ ਐਡ ਕੀਤਾ ਜਾਵੇ ਨਵੇਂ ਰਾਸ਼ਨ ਕਾਰਡ ਬਣਾਏ ਜਾਣ ਅਤੇ ਰਾਸ਼ਨ ਵਿੱਚ ਦਾਲ ਅਤੇ ਕਣਕ ਪੂਰੀ ਮਾਤਰਾ ਵਿੱਚ ਦਿੱਤੇ ਜਾਣ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 600 ਯੂਨਿਟ ਬਿਜਲੀ ਮਾਫ ਕੀਤੀ ਗਈ ਹੈ ਪ੍ਰੰਤੂ ਖਾਸ ਕਰਕੇ ਗਰੀਬ ਵਰਗ ਦੇ ਬਿੱਲ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਵਿੱਚ ਆ ਰਹੇ ਹਨ । ਇਹਨਾਂ ਗਰੀਬ ਲੋਕਾਂ ਦੇ ਬਿੱਲ ਤੁਰੰਤ ਮਾਫ ਕੀਤੇ ਜਾਣ ਅਤੇ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਨਾਂ ਨੂੰ ਇਹ ਬਿਲ ਕਿਉਂ ਆ ਰਹੇ ਹਨ।
ਇਸੇ ਤਰ੍ਹਾਂ ਲੋੜਵੰਦ ਗਰੀਬ ਪਰਿਵਾਰਾਂ ਨੂੰ ਦੀਆਂ ਲੜਕੀਆਂ ਨੂੰ ਦਿੱਤੀ ਜਾ ਰਹੀ ਸ਼ਗਨ ਸਕੀਮ ਪਿਛਲੇ ਛੇ ਸਾਲਾਂ ਤੋਂ ਬੰਦ ਪਈ ਹੈ । ਲੜਕੀਆਂ ਨੂੰ ਸ਼ਗਨ ਨਹੀਂ ਮਿਲ ਰਿਹਾ ਇਹ ਸ਼ਗਨ ਸਕੀਮ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ। ਗਰੀਬ ਘਰਾਂ ਦੇ ਬੱਚਿਆਂ ਨੂੰ ਖਾਸ ਕਰਕੇ ਲੜਕੀਆਂ ਨੂੰ ਦਿੱਤੇ ਜਾਣ ਵਾਲੇ ਵਜ਼ੀਫੇ ਪਿਛਲੇ ਸਮੇਂ ਤੋਂ ਬੰਦ ਹਨ । ਇਹ ਵਜ਼ੀਫੇ ਦਿੱਤੇ ਜਾਣ ।
ਔਰਤਾਂ ਨੇ ਇਸ ਮੌਕੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਹਰੇਬਾਜੀ ਕਰਦਿਆਂ ਬਜ਼ਾਰ ਵਿੱਚ ਰੋਸ ਮਾਰਚ ਕੀਤਾ ਅਤੇ ਪੰਜਾਬ ਸਰਕਾਰ ਦੀ ਲਾਰਿਆਂ ਦੀ ਪੰਡ ਨੂੰ ਫੂਕਿਆ । ਅਨੇਕਾਂ ਔਰਤਾਂ ਬਿਜਲੀ ਦੇ ਬਿੱਲ ਵੀ ਨਾਲ ਲੈ ਕੇ ਆਈਆਂ ਸਨ । ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਂ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾਕਟਰ ਪ੍ਰੇਮ ਕੁਮਾਰ , ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਸਮਾਉ , ਗੁਰਪ੍ਰੀਤ ਕੌਰ ਮੂਸਾ , ਸੁਖਵਿੰਦਰ ਕੌਰ ਸੁੱਖੀ , ਚਰਨਜੀਤ ਕੌਰ , ਸੁਖਦੀਪ ਕੌਰ , ਗੁਰਪ੍ਰੀਤ ਕੌਰ , ਸੁਖਜੀਤ ਕੌਰ , ਸਰਬਜੀਤ ਕੌਰ , ਹਰਬੰਸ ਕੌਰ , ਮਲੀਕਾ , ਅਮਨਪ੍ਰੀਤ ਕੌਰ ਅਤੇ ਲਾਭ ਕੌਰ ਆਦਿ ਮੌਜੂਦ ਸਨ ।