ਬਰਨਾਲਾ, 31 ਮਾਰਚ (BTTNEWS)- ਜ਼ਿਲ੍ਹਾ ਬਰਨਾਲਾ ਦੇ ਤਿੰਨ ਐਮੀਨੈਂਸ ਸਕੂਲਾਂ ਲਈ ਦਾਖ਼ਲਾ ਅਤੇ ਐਨ.ਐਮ.ਐਮ.ਐਸ, ਪੀ.ਐਸ.ਟੀ.ਐਸ.ਈ ਦੀਆਂ ਵਜੀਫ਼ਾ ਪ੍ਰੀਖਿਆਵਾਂ ਸਫਲਤਾ ਪੂਰਵਕ ਕਰਵਾਈਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੈਡਮ ਪਦਮਨੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀ ਹਦਾਇਤਾਂ ਅਨੁਸਾਰ ਪੂਰੇ ਨਿਯਮਾਂ ਅਨੁਸਾਰ, ਨਕਲ ਰਹਿਤ ਅਤੇ ਬਿਨਾਂ ਕਿਸੇ ਬਾਹਰੀ ਦਖਲ ਅੰਦਾਜੀ ਦੇ ਇਹ ਪ੍ਰੀਖਿਆਵਾਂ ਕਰਵਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਸਕੂਲ ਆਫ ਐਮੀਨੈਂਸ ਦੀ ਦਾਖਲਾ ਪ੍ਰੀਖਿਆ ਲਈ ਕੁੱਲ 20 ਸੈਂਟਰ ਸਥਾਪਿਤ ਕੀਤੇ ਗਏ ਸਨ ਅਤੇ ਕੁੱਲ 4715 ਵਿਦਿਆਰਥੀ ਇਸ ਦਾਖਲਾ ਪ੍ਰੀਖਿਆ ਵਿੱਚ ਬੈਠੇ। ਉਹਨਾਂ ਕਿਹਾ ਕਿ ਇਹਨਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਮੈਰਿਟ ਦੇ ਆਧਾਰ ਤੇ ਸਕੂਲ ਆਫ ਐਮੀਨੈਂਸ ਵਿੱਚ ਯੋਗ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਐਨ ਐਮ ਐਮ ਐਸ, ਅਤੇ ਪੀ ਐਸ ਟੀ ਐਸ ਈ ਦੀਆਂ ਵਜੀਫਾ ਪ੍ਰੀਖਿਆਵਾਂ ਲਈ ਕੁੱਲ ਅੱਠ ਸੈਂਟਰ ਸਥਾਪਿਤ ਕੀਤੇ ਗਏ ਸਨ ਅਤੇ ਇਹਨਾਂ ਪ੍ਰੀਖਿਆਵਾਂ ਲਈ ਕੁੱਲ 1787 ਵਿਦਿਆਰਥੀਆਂ ਨੇ ਹਿੱਸਾ ਲਿਆ।ਉਹਨਾਂ ਕਿਹਾ ਕਿ ਇਹਨਾਂ ਰਾਜ ਪੱਧਰੀ ਵਜੀਫ਼ਾ ਪ੍ਰੀਖਿਆਵਾਂ ਵਿੱਚ ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਜੀਫ਼ਾ ਦਿੱਤਾ ਜਾਵੇਗਾ। ਸਹਾਇਕ ਡਾਇਰੈਕਟਰ ਕਮ ਜ਼ਿਲ੍ਹਾ ਨੋਡਲ ਅਫ਼ਸਰ ਦੀਪਕ ਕੁਮਾਰ ਕਾਂਸਲ ਵੱਲੋਂ ਵਜੀਫ਼ਾ ਪ੍ਰੀਖਿਆਵਾਂ ਸੈਂਟਰਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਹਨਾਂ ਪ੍ਰੀਖਿਆਵਾਂ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਪਦਮਨੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਬਰਜਿੰਦਰ ਪਾਲ ਸਿੰਘ ਅਤੇ ਡਾਇਟ ਪ੍ਰਿੰਸੀਪਲ ਡਾਕਟਰ ਮੁਨੀਸ਼ ਮੋਹਨ ਸ਼ਰਮਾ ਵੱਲੋਂ ਸੈਂਟਰਾਂ ਦਾ ਦੌਰਾ ਕੀਤਾ ਗਿਆ।