-ਲੋਕ ਸਭਾ ਦੀਆਂ ਚੋਣਾਂ ਵਿੱਚ 13 ਸੀਟਾਂ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਹੋਵੇਗੀ: ਹਰਗੋਬਿੰਦ ਕੌਰ
ਅੰਮ੍ਰਿਤਸਰ , 19 ਮਾਰਚ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਅੱਜ ਅੰਮ੍ਰਿਤਸਰ ਦੇ ਪੂਰਬੀ ਹਲਕੇ ਵਿੱਚ ਸ਼ਮਸ਼ੇਰ ਸਿੰਘ ਸ਼ੇਰਾ ਦੇ ਘਰ ਰਣਜੀਤ ਕੌਰ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਪੁੱਜੀਆਂ ਤੇ ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ ।
ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ।
ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਪੂਰੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਔਰਤਾਂ ਜੁੜ ਰਹੀਆਂ ਹਨ ਉਸ ਤੋਂ ਸਾਫ਼ ਜ਼ਾਹਰ ਹੈ ਕਿ ਲੋਕ ਸਭਾ ਦੀਆਂ 13 ਸੀਟਾਂ ਤੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਵੱਡੀ ਜਿੱਤ ਹੋਵੇਗੀ । ਉਹਨਾਂ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਵਿੱਚ ਔਰਤਾਂ ਦਾ ਅਹਿਮ ਰੋਲ ਹੋਵੇਗਾ ।
ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਤੇ ਸਾਰੇ ਵਰਗਾਂ ਦੇ ਲੋਕ ਆਮ ਆਦਮੀ ਪਾਰਟੀ ਦੇ ਲਗਾਏ ਹੋਏ ਝੂਠੇ ਲਾਰਿਆਂ ਤੋਂ ਅੱਕ ਕੇ ਨਿਰਾਸ਼ ਹੋ ਚੁੱਕੇ ਹਨ ਤੇ ਲੋਕਾਂ ਨੇ ਇਸ ਪਾਰਟੀ ਨੂੰ ਨਿਕਾਰ ਦਿੱਤਾ ਹੈ ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਤੇ ਪੰਜਾਬ ਦੇ ਲੋਕਾਂ ਲਈ ਜਿੰਨੀਆਂ ਵੀ ਭਲਾਈ ਸਕੀਮਾਂ ਚੱਲੀਆਂ ਸਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਮੇਂ ਹੀ ਸ਼ੁਰੂ ਹੋਈਆਂ ਸਨ । ਆਉਣ ਵਾਲੇ ਸਮੇਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਲੋਕਾਂ ਦੀ ਬਾਂਹ ਫੜੇਗਾ ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਹਰਗੋਬਿੰਦ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।
ਮੀਟਿੰਗ ਵਿੱਚ ਬੀਬੀ ਰਣਜੀਤ ਕੌਰ ਸੇਰਾਂ , ਜਗਰੂਪ ਕੌਰ ਸ਼ਹਿਰੀ ਪ੍ਰਧਾਨ , ਜਸਬੀਰ ਕੌਰ ਉੱਤਰੀ ,
ਗੁਰਜੀਤ ਕੌਰ ਪੱਛਮੀ , ਨੀਲਮ ਕੰਡਾ , ਗੁਰਮੀਤ ਕੌਰ ਗਿੱਲ , ਆਰਤੀ , ਮਾਇਆ , ਕੁਲਵਿੰਦਰ ਕੌਰ , ਹਰਦੀਪ ਕੌਰ ਭੁੱਲਰ , ਮਨਪ੍ਰੀਤ ਕੌਰ ਭੁੱਲਰ , ਮਨਜੀਤ ਕੌਰ ਭੁੱਲਰ , ਚਰਨਜੀਤ ਕੌਰ , ਹਰਜਿੰਦਰ ਕੌਰ , ਰਜਿੰਦਰ ਕੌਰ ਬਾਠ , ਜਸਪ੍ਰੀਤ ਕੌਰ ਅਤੇ ਹਰਜਿੰਦਰ ਕੌਰ ਬੇਦੀ ਆਦਿ ਮੌਜੂਦ ਸਨ ।