- ਯੂਨੀਅਨ ਦੇ ਵਫ਼ਦ ਨੇ ਮੁੱਖ ਮੰਤਰੀ ਦੇ ਸਪੈਸ਼ਲ ਚੀਫ ਸੈਕਟਰੀ ਨਾਲ ਮੀਟਿੰਗ ਕਰਨ ਤੋਂ ਬਾਅਦ ਲਿਆ ਫੈਸਲਾ -
ਚੰਡੀਗੜ੍ਹ , 4 ਮਾਰਚ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ 5 ਮਾਰਚ ਨੂੰ ਚੰਡੀਗੜ੍ਹ ਵਿਖੇ ਜੋ ਰੋਸ ਪ੍ਰਦਰਸ਼ਨ ਕਰਨਾ ਸੀ ਤੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਣਾ ਸੀ ਉਹ ਰੋਸ ਪ੍ਰਦਰਸ਼ਨ ਇਕ ਵਾਰ ਮੁਲਤਵੀ ਕਰ ਦਿੱਤਾ ਗਿਆ ਹੈ ।
ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ । ਉਹਨਾਂ ਦੱਸਿਆ ਕਿ ਰੋਸ ਪ੍ਰਦਰਸ਼ਨ ਤੋਂ ਇਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਪੰਜਾਬ ਦੇ ਸਪੈਸ਼ਲ ਚੀਫ ਸੈਕਟਰੀ ਵਿਜੋਏ ਕੁਮਾਰ ਸਿੰਘ ਨੇ ਯੂਨੀਅਨ ਦੇ ਵਫ਼ਦ ਨਾਲ ਪੰਜਾਬ ਸਿਵਲ ਸਕੱਤਰੇਤ ਵਿਖੇ ਮੀਟਿੰਗ ਕੀਤੀ । ਜਿਸ ਦੌਰਾਨ ਉਹਨਾਂ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਇਕ ਦੋ ਮੰਗਾਂ ਨੂੰ ਛੱਡ ਕੇ ਬਾਕੀ ਸਾਰੀਆਂ ਮੰਗਾਂ ਤੇ ਸਹਿਮਤੀ ਦਿੱਤੀ ਤੇ ਹਫ਼ਤੇ ਦਾ ਸਮਾਂ ਲਿਆ । ਇਸ ਕਰਕੇ ਜਥੇਬੰਦੀ ਨੇ ਇਹ ਰੋਸ ਪ੍ਰਦਰਸ਼ਨ ਮੁਲਤਵੀ ਕੀਤਾ ਹੈ ।
ਹਰਗੋਬਿੰਦ ਕੌਰ ਨੇ ਕਿਹਾ ਕਿ ਭਾਵੇਂ 5 ਮਾਰਚ ਨੂੰ ਕੀਤੇ ਜਾਣ ਵਾਲਾ ਰੋਸ ਪ੍ਰਦਰਸ਼ਨ ਮੁਲਤਵੀ ਕੀਤਾ ਗਿਆ ਹੈ ਪਰ ਜਦੋਂ ਤੱਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਮੀਟਿੰਗ ਵਿੱਚ ਗੁਰਮੀਤ ਕੌਰ ਗੋਨੇਆਣਾ , ਜਸਵੀਰ ਕੌਰ ਦਸੂਹਾ ਤੇ ਸਤਵੰਤ ਕੌਰ ਭੋਗਪੁਰ ਮੌਜੂਦ ਸਨ ।