ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਹਲਕੇ ਮਲੋਟ ਵਿਖੇ ਕੀਤਾ ਰੋਸ ਪ੍ਰਦਰਸ਼ਨ , ਕਾਲੇ ਦੁਪੱਟੇ ਲੈ ਕੇ ਸ਼ਹਿਰ ਵਿੱਚ ਕੀਤਾ ਮਾਰਚ
ਮਲੋਟ , 24 ਮਾਰਚ (ਸੁਖਪਾਲ ਸਿੰਘ ਢਿੱਲੋਂ)- ਪੰਜਾਬ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਸਿਰ ਤਨਖਾਹਾਂ ਨਾ ਮਿਲਣ ਕਰਕੇ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਹਲਕੇ ਮਲੋਟ ਵਿਖੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ । ਜਿਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕਾਲੇ ਦੁਪੱਟੇ ਲੈ ਕੇ ਸ਼ਮੂਲੀਅਤ ਕੀਤੀ ਤੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ ।
ਪਹਿਲਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਮਲੋਟ ਦੀ ਦਾਣਾ ਮੰਡੀ ਵਿੱਚ ਇਕੱਠੀਆਂ ਹੋਈਆਂ ਤੇ ਫੇਰ ਮਲੋਟ ਸ਼ਹਿਰ ਵਿੱਚ ਰੋਸ ਮਾਰਚ ਕੀਤਾ ।
ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2017 ਵਿੱਚ ਆਂਗਣਵਾੜੀ ਸੈਂਟਰਾਂ ਦੇ ਲੱਖਾਂ ਬੱਚਿਆਂ ਨੂੰ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕਰ ਲਿਆ ਸੀ ਤੇ ਅੱਜ ਤੱਕ ਇਹ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ ਨੂੰ ਨਹੀਂ ਦਿੱਤੇ ਗਏ । ਉਹਨਾਂ ਕਿਹਾ ਕਿ ਇਹ ਬੱਚੇ ਆਂਗਣਵਾੜੀ ਸੈਂਟਰਾਂ ਵਿੱਚ ਭੇਜੇ ਜਾਣ ਅਤੇ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਬਣਦਾ ਗਰੇਡ ਦਿੱਤਾ ਜਾਵੇ ।
ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨਾਲ ਧੋਖਾ ਕਰ ਰਹੀ ਹੈ ਤੇ ਉਹਨਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਨਹੀਂ ਦਿੱਤਾ ਜਾ ਰਿਹਾ । ਕੇਂਦਰ ਸਰਕਾਰ ਨੇ 18 ਹਜ਼ਾਰ ਪ੍ਰੀ ਨਰਸਰੀ ਟੀਚਰ ਦੀਆਂ ਪੋਸਟਾਂ ਤੇ ਆਂਗਣਵਾੜੀ ਵਰਕਰਾਂ ਤੇ ਲਗਾਉਣ ਲਈ ਕਿਹਾ ਹੈ । ਜਿੰਨਾਂ ਵਿਚੋਂ 8393 ਪੋਸਟਾਂ ਪਹਿਲਾਂ ਆ ਚੁੱਕੀਆਂ ਹਨ । ਪਰ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਫੈਸਲੇ ਨੂੰ ਨਹੀਂ ਮੰਨ ਰਹੀ ਤੇ ਆਪਣੀਆਂ ਮਨਮਰਜ਼ੀਆਂ ਕਰ ਰਹੀ ਹੈ । ਉਹਨਾਂ ਕਿਹਾ ਕਿ ਕਿਹਾ ਤਾਂ ਇਹ ਗਿਆ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਐਨ ਟੀ ਟੀ ਦਾ ਕੋਰਸ ਕਰਵਾ ਕੇ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਉਲਟਾ ਆਂਗਣਵਾੜੀ ਸੈਂਟਰਾਂ ਦੇ ਬੱਚੇ ਵੀ ਖੋਹ ਰਹੀ ਹੈ ਤੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰ ਰਹੀ ਹੈ । ਜਦੋਂ ਕਿ ਦੂਜੇ ਰਾਜਾਂ ਵਿੱਚ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ।
ਉਹਨਾਂ ਕਿਹਾ ਕਿ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਚਾਰ ਵਰਗਾਂ ਵਿੱਚ ਵੰਡਿਆ ਹੋਇਆ ਹੈ । ਜਿਸ ਕਰਕੇ ਉਹਨਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਐਨ ਜੀ ਓ ਬਲਾਕਾਂ ਵਿੱਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ (ਖਾਸ ਕਰਕੇ ਬਾਲ ਭਲਾਈ ਕੌਂਸਲ) ਦਾ 1 ਸਾਲ ਦਾ ਸਟੇਟ ਫੰਡ ਦਾ ਮਾਣ ਭੱਤਾ ਬਕਾਇਆ ਖੜਾ ਹੈ । ਸਮਾਜ ਭਲਾਈ ਬੋਰਡ ਦੀਆਂ ਵਰਕਰਾਂ ਹੈਲਪਰਾਂ ਦਾ ਸਟੇਟ ਅਤੇ ਸੈਂਟਰ ਦਾ ਫੰਡ ਛੇ ਮਹੀਨਿਆਂ ਦਾ ਬਕਾਇਆ ਖੜ੍ਹਾ ਹੈ । ਇਹਨਾਂ ਦਾ ਮਾਣ ਭੱਤਾ ਦਿੱਤਾ ਜਾਵੇ ਅਤੇ ਇਹਨਾਂ ਨੂੰ ਸਟੇਟ ਵੱਲੋਂ ਕੱਟੇ ਗਏ 18 ਮਹੀਨਿਆਂ ਦਾ ਏਰੀਅਰ ਜੋ ਦੂਜੀਆਂ ਵਰਕਰਾਂ ਤੇ ਹੈਲਪਰਾਂ ਨੂੰ ਦਿੱਤਾ ਗਿਆ ਹੈ ਉਹ ਵੀ ਤੁਰੰਤ ਦਿੱਤਾ ਜਾਵੇ ਅਤੇ ਅੱਗੇ ਤੋਂ ਇਹਨਾਂ ਦਾ ਮਾਣ ਭੱਤਾ ਹਰ ਮਹੀਨੇ ਦੀ 7 ਤਰੀਕ ਤੱਕ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਇਹ ਅੱਠੇ ਬਲਾਕ ਐਨ ਜੀ ਓ ਤੋਂ ਵਾਪਸ ਲੈ ਕੇ ਵਿਭਾਗ ਵਿੱਚ ਮਰਜ ਕੀਤੇ ਜਾਣ । ਮੁੱਖ ਵਿਭਾਗ ਵਿੱਚ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਵੀ 6-6 ਮਹੀਨੇ ਤਨਖਾਹਾਂ ਨਹੀਂ ਮਿਲਦੀਆਂ । ਪੰਜ ਛੇ ਮਹੀਨੇ ਪਹਿਲਾਂ ਨਵੀਆਂ ਨਿਯੁਕਤ ਕੀਤੀਆਂ ਗਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੀ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਤੇ ਉਹ ਤਨਖਾਹਾਂ ਦੀ ਉਡੀਕ ਕਰ ਰਹੀਆਂ ਹਨ । ਉਹਨਾਂ ਮੰਗ ਕੀਤੀ ਕਿ ਇਹਨਾਂ ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹਾਂ ਦਿੱਤੀਆਂ ਜਾਣ । ਹੈਰਾਨੀ ਵਾਲੀ ਗੱਲ ਹੈ ਕਿ ਅਜੇ ਕਈ ਬਲਾਕਾਂ ਵਿੱਚ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਹੀ ਨਹੀਂ ਦਿੱਤੇ ਗਏ । ਮਿੰਨੀ ਆਂਗਣਵਾੜੀ ਵਰਕਰਾਂ ਨੂੰ ਆਡਰ ਨਹੀਂ ਦਿੱਤੇ ਜਾ ਰਹੇ । ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਨਹੀਂ ਦਿੱਤੇ ਗਏ । ਵਰਦੀ ਭੱਤਾ ਰਲੀਜ਼ ਕੀਤਾ ਜਾਵੇ । ਪੀ ਐਮ ਐਮ ਵੀ ਵਾਈ ਅਤੇ ਸੀ ਬੀ ਈ ਦੇ ਪੈਸੇ ਹਰ ਮਹੀਨੇ ਦਿੱਤੇ ਜਾਣ ।
ਇਸ ਮੌਕੇ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਾਰ ਵਾਰ ਜਥੇਬੰਦੀ ਦੇ ਵਫ਼ਦ ਨਾਲ ਮੀਟਿੰਗਾਂ ਕਰਕੇ ਝੂਠੇ ਲਾਰੇ ਲਗਾ ਰਹੀ ਹੈ ਜਦੋਂ ਕਿ ਉਹਨਾਂ ਦੀ ਕੋਈ ਮੰਗ ਮੰਨੀ ਨਹੀਂ ਜਾ ਰਹੀ । ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਣਨ ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ । ਪਰ ਮਾਣ ਭੱਤਾ ਦੁੱਗਣਾ ਕਰਨ ਦੀ ਥਾਂ ਪਹਿਲਾਂ ਮਿਲਦਾ ਵੀ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ ।
ਸ਼ਹਿਰ ਵਿੱਚ ਰੋਸ ਮਾਰਚ ਕਰਨ ਤੋਂ ਬਾਅਦ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਦਫ਼ਤਰ ਵਿਚ ਪੁੱਜੀਆਂ ਅਤੇ ਉਹਨਾਂ ਦੇ ਦਫ਼ਤਰ ਸਕੱਤਰ ਰਮੇਸ਼ ਅਰਨੀਵਾਲਾ ਨੂੰ ਮੰਗ ਪੱਤਰ ਦਿੱਤਾ ।
ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ , ਗੁਰਮੀਤ ਕੌਰ ਗੋਨੇਆਣਾ , ਛਿੰਦਰਪਾਲ ਕੌਰ ਭਗਤਾ , ਦਲਜੀਤ ਕੌਰ ਬਰਨਾਲਾ , ਗੁਰਮੀਤ ਕੌਰ ਦਬੜੀਖਾਨਾ , ਰੇਸ਼ਮਾਂ ਰਾਣੀ ਫਾਜ਼ਿਲਕਾ , ਕਿਰਨਜੀਤ ਕੌਰ ਭੰਗਚੜੀ , ਜਸਵਿੰਦਰ ਕੌਰ ਬੱਬੂ ਦੋਦਾ , ਕੁਲਵਿੰਦਰ ਕੌਰ ਜੀਰਾ , ਅੰਮ੍ਰਿਤਪਾਲ ਕੌਰ ਬੱਲੂਆਣਾ , ਸਰਬਜੀਤ ਕੌਰ ਮਹਿਰਾਜ , ਸੁਰਿੰਦਰ ਕੌਰ ਜੋੜਕੀਆਂ ਅਤੇ ਹੋਰ ਆਗੂ ਮੌਜੂਦ ਸਨ ।