ਪਿੰਡ ਮਹਾਂਬੱਧਰ ਵਿਖੇ ਇਸਤਰੀ ਅਕਾਲੀ ਦਲ ਦੀ ਹੋਈ ਮੀਟਿੰਗ ਵਿੱਚ ਔਰਤਾਂ ਦਾ ਹੋਇਆ ਵੱਡਾ ਇਕੱਠ
ਸ੍ਰੀ ਮੁਕਤਸਰ ਸਾਹਿਬ , 21 ਫਰਵਰੀ (ਸੁਖਪਾਲ ਸਿੰਘ ਢਿੱਲੋਂ/ਨਵਦੀਪ ਕੌਰ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਇਸਤਰੀ ਅਕਾਲੀ ਦਲ ਵੱਲੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ । ਇਸੇ ਲੜੀ ਤਹਿਤ ਅੱਜ ਇਸ ਖੇਤਰ ਦੇ ਪਿੰਡ ਮਹਾਂਬੱਧਰ ਵਿਖੇ ਕਿਰਨਪਾਲ ਕੌਰ ਮਹਾਂਬੱਧਰ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ । ਜਿਸ ਦੌਰਾਨ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ।
ਪਿੰਡ ਮਹਾਂਬੱਧਰ ਵਿਖੇ ਇਸਤਰੀ ਅਕਾਲੀ ਦਲ ਦੀ ਹੋਈ ਮੀਟਿੰਗ ਵਿੱਚ ਸ਼ਾਮਲ ਔਰਤਾਂ ਅਤੇ ਸਬੋਧਨ ਕਰਦੇ ਹੋਏ ਹਰਗੋਬਿੰਦ ਕੌਰ । |
ਬੀਬੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਸਾਲ 2022 ਵਿੱਚ ਤੁਸੀ ਗਲਤੀ ਕਰਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਭਗਵੰਤ ਮਾਨ ਦੀ ਸਰਕਾਰ ਬਣਾ ਲਈ । ਜਿਸ ਦਾ ਖਮਿਆਜ਼ਾ ਹੁਣ ਸਾਰੇ ਪੰਜਾਬ ਦੇ ਲੋਕ ਭੁਗਤ ਰਹੇ ਹਨ । ਕਿਉਂਕਿ ਉਹਨਾਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਤੇ ਦੋ ਸਾਲ ਲੰਘ ਗਏ ਹਨ । ਅੱਜ ਗਰੀਬ ਲੋਕਾਂ ਨੂੰ ਵੀ ਹਜ਼ਾਰਾਂ ਰੁਪਏ ਬਿਜਲੀ ਦੇ ਬਿੱਲ ਆ ਰਹੇ ਹਨ । ਲੱਖਾਂ ਆਟਾ ਦਾਲ ਸਕੀਮ ਵਾਲੇ ਕਾਰਡ ਕੱਟ ਦਿੱਤੇ ਗਏ ਹਨ । ਬੁਢਾਪਾ ਪੈਨਸ਼ਨਾਂ ਅਨੇਕਾਂ ਲਾਭਪਾਤਰੀਆਂ ਨੂੰ ਨਹੀਂ ਮਿਲ ਰਹੀਆਂ । ਸ਼ਗਨ ਸਕੀਮ ਦੇ ਪੈਸੇ ਲੈਣ ਲਈ ਲੋਕ ਦਫ਼ਤਰਾਂ ਦੇ ਚੱਕਰ ਕੱਢ ਰਹੇ ਹਨ ।
ਹਰਗੋਬਿੰਦ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਖੇਤਰੀ ਪਾਰਟੀ ਹੈ ਜੋ ਹਰ ਵਰਗ ਦੇ ਲੋਕਾਂ ਨੂੰ ਲਾਭ ਦੇਣ ਲਈ ਵੱਖ ਵੱਖ ਤਰ੍ਹਾਂ ਦੀਆਂ ਸਕੀਮਾਂ ਚਲਾਉਂਦੀ ਹੈ । ਜਦੋਂ ਕਿ ਆਮ ਆਦਮੀ ਪਾਰਟੀ , ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਤਾਂ ਲੋਕਾਂ ਨੂੰ ਗੁੰਮਰਾਹ ਹੀ ਕਰਦੀਆਂ ਹਨ । ਇਸ ਕਰਕੇ ਇਹਨਾਂ ਦੀਆਂ ਚਾਲਾਂ ਤੋਂ ਬਚਿਆ ਜਾਵੇ ਅਤੇ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਤਕੜਾ ਕਰੋ ਤਾਂ ਕਿ ਸਾਲ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ ।
ਇਹਨਾਂ ਮੀਟਿੰਗਾਂ ਵਿੱਚ ਬੀਬੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਨਗੀਆਂ ।
ਇਸ ਮੌਕੇ ਇਸਤਰੀ ਅਕਾਲੀ ਦਲ ਪਿੰਡ ਮਹਾਂਬੱਧਰ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ । ਜਿਸ ਦੌਰਾਨ ਮਨਿੰਦਰ ਕੌਰ ਨੂੰ ਇਕਾਈ ਪ੍ਰਧਾਨ ਬਣਾਇਆ ਗਿਆ । ਇਸ ਸਮੇਂ ਜਸਪ੍ਰੀਤ ਕੌਰ, ਅਮਰਜੀਤ ਕੌਰ ,ਕੁਲਦੀਪ ਕੌਰ ,ਅਮਨਦੀਪ ਕੌਰ ,ਮਨਦੀਪ ਕੌਰ ,ਖੁਸ਼ਪਿੰਦਰ ਕੌਰ ,ਗੁਰਮੀਤ ਕੌਰ ,ਪਰਮਜੀਤ ਕੌਰ ਅਤੇ ਸੁਖਮੰਦਰ ਕੌਰ ਆਦਿ ਨੂੰ ਕਮੇਟੀ ਮੈਂਬਰ ਬਣਾਇਆ ਗਿਆ ।