ਬਾਦਲ/ਸ੍ਰੀ ਮੁਕਤਸਰ ਸਾਹਿਬ , 31 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ 1 ਫਰਵਰੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਕੀਤੀ ਜਾ ਰਹੀ ਹੈ ।
ਇਸ ਸਬੰਧ ਵਿੱਚ ਅੱਜ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਅਤੇ ਪ੍ਰੋਗਰਾਮ ਉਲੀਕ ਕੇ ਸਾਰੀ ਰੂਪ ਰੇਖਾ ਤਿਆਰ ਕੀਤੀ ਗਈ ।
ਹਰਗੋਬਿੰਦ ਕੌਰ ਨੇ ਦੱਸਿਆ ਕਿ ਪਾਰਟੀ ਵੱਲੋਂ ਦਿੱਤੇ ਗਏ ਇਸ ਪ੍ਰੋਗਰਾਮ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿੱਚ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਸ਼ਮੂਲੀਅਤ ਕਰਨਗੀਆਂ ।
ਇਸੇ ਦੌਰਾਨ ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਇਸਤਰੀ ਅਕਾਲੀ ਦਲ ਦੀਆਂ ਸਰਕਲ ਪ੍ਰਧਾਨਾਂ ਨਾਲ ਮਿਲਾਇਆ ਗਿਆ ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ । ਸੁਖਬੀਰ ਸਿੰਘ ਬਾਦਲ ਨੇ ਇਹਨਾਂ ਆਗੂ ਔਰਤਾਂ ਨੂੰ ਕਿਹਾ ਕਿ ਹਰੇਕ ਪਿੰਡ ਵਿੱਚ ਬੀਬੀਆਂ ਨੂੰ ਲਾਮਬੰਦ ਕੀਤਾ ਜਾਵੇ ।
ਮੀਟਿੰਗ ਦੌਰਾਨ ਮਨਜੀਤ ਕੌਰ ਲੰਬੀ , ਅਮਨਦੀਪ ਕੌਰ ਡੱਬਵਾਲੀ ਢਾਬ , ਗੁਰਜੋਤ ਕੌਰ ਮਿੱਡੂਖੇੜਾ , ਮਨਦੀਪ ਕੌਰ ਮਿੱਡੂਖੇੜਾ , ਸੀਮਾ ਕੱਕੜ ਪੱਕੀ , ਜਸਵਿੰਦਰ ਕੌਰ ਬਠਿੰਡਾ , ਸਤਵਿੰਦਰ ਕੌਰ ਬਠਿੰਡਾ , ਜਸਵੀਰ ਕੌਰ ਗੱਗੜ , ਵੀਰਪਾਲ ਕੌਰ ਸਿੱਖਵਾਲਾ , ਸਤਨਾਮ ਕੌਰ ਲੰਬੀ , ਮਨਪ੍ਰੀਤ ਕੌਰ ਡੱਬਵਾਲੀ ਢਾਬ ਅਤੇ ਬੇਅੰਤ ਕੌਰ ਲੰਬੀ ਮੌਜੂਦ ਸਨ ।