ਹਰਗੋਬਿੰਦ ਕੌਰ ਨੇ ਕੋਟਕਪੂਰਾ 'ਤੇ ਜੈਤੋ ਵਿਖੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਕੀਤੀਆਂ ਮੀਟਿੰਗਾਂ

BTTNEWS
0

 - ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੀਆਂ ਕਾਨਫਰੰਸਾਂ ਵਿੱਚ ਪੁੱਜਣ ਦੀ ਕੀਤੀ ਅਪੀਲ -

ਕੋਟਕਪੂਰਾ/ਜੈਤੋ , 6 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਇਸਤਰੀ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਸਿਆਸੀ ਕਾਨਫਰੰਸਾਂ ਨੂੰ ਲੈ ਕੇ ਹਲਕਾ ਪੱਧਰ ਤੇ ਮੀਟਿੰਗਾਂ ਚੱਲ ਰਹੀਆਂ ਹਨ ।

ਹਰਗੋਬਿੰਦ ਕੌਰ ਨੇ ਕੋਟਕਪੂਰਾ 'ਤੇ ਜੈਤੋ ਵਿਖੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਕੀਤੀਆਂ ਮੀਟਿੰਗਾਂ

 ਇਸੇ ਲੜੀ ਤਹਿਤ ਅੱਜ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਪਹਿਲਾ ਕੋਟਕਪੂਰਾ ਨੇੜਲੇ ਪਿੰਡ ਸੰਧਵਾਂ ਵਿਖੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੇ ਘਰ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਫੇਰ ਜੈਤੋ ਵਿਖੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕੀਤਾ ।

        ਵੱਖ ਵੱਖ ਥਾਵਾਂ ਤੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੁਨੇਹਾ ਲੈ ਕੇ ਇਥੇ ਆਏ ਹਨ । ਉਹਨਾਂ ਦੱਸਿਆ ਕਿ ਇਸਤਰੀ ਅਕਾਲੀ ਦਲ ਵੱਲੋਂ 12 ਜਨਵਰੀ ਦਿਨ ਸ਼ੁਕਰਵਾਰ ਨੂੰ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਤਾ ਭਾਗ ਕੌਰ ਨੂੰ ਸਮਰਪਿਤ ਕਾਨਫਰੰਸ ਕੀਤੀ ਜਾ ਰਹੀ ਹੈ ਜਦੋਂ ਕਿ ਅਕਾਲੀ ਦਲ ਵੱਲੋਂ 14 ਜਨਵਰੀ ਦਿਨ ਐਤਵਾਰ ਨੂੰ ਉਸੇ ਸਥਾਨ ਤੇ ਕਾਨਫਰੰਸ ਕੀਤੀ ਜਾ ਰਹੀ ਹੈ ।‌ ਉਹਨਾਂ ਕਿਹਾ ਕਿ 12 ਜਨਵਰੀ ਵਾਲੀ ਕਾਨਫਰੰਸ ਵਿੱਚ ਵੱਧ ਤੋਂ ਵੱਧ ਬੀਬੀਆਂ ਪੁੱਜਣ ਅਤੇ 14 ਜਨਵਰੀ ਵਾਲੀ ਕਾਨਫਰੰਸ ਵਿੱਚ ਅਕਾਲੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ । ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਇਹ ਦੋਵੇਂ ਕਾਨਫਰੰਸਾਂ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣਗੀਆਂ । 

       ਕੋਟਕਪੂਰਾ ਅਤੇ ਜੈਤੋ ਵਿਖੇ ਅਕਾਲੀ ਆਗੂਆਂ ਵੱਲੋਂ ਹਰਗੋਬਿੰਦ ਕੌਰ ਨੂੰ ਸਨਮਾਨਿਤ ਕੀਤਾ ਗਿਆ ।

Post a Comment

0Comments

Post a Comment (0)