ਹਰਗੋਬਿੰਦ ਕੌਰ ਨੂੰ ਕੀਤਾ ਗਿਆ ਸਨਮਾਨਿਤ
ਬਾਦਲ /ਸ੍ਰੀ ਮੁਕਤਸਰ ਸਾਹਿਬ , 27 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਇਸਤਰੀ ਅਕਾਲੀ ਦਲ ਵੱਲੋਂ ਅੱਜ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਘਰ ਇੱਕ ਵੱਡੀ ਮੀਟਿੰਗ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਜੋ ਰੈਲੀ ਦਾ ਰੂਪ ਧਾਰਨ ਕਰ ਗਈ ।
ਇਸ ਮੌਕੇ ਲੰਬੀ ਹਲਕੇ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਆਈਆਂ ਔਰਤਾਂ ਨੇ ਹਰਗੋਬਿੰਦ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਇਹਨਾਂ ਔਰਤਾਂ ਦਾ ਕਹਿਣਾ ਸੀ ਕਿ ਹਰਗੋਬਿੰਦ ਕੌਰ ਸੂਬੇ ਦੀਆਂ ਲੱਖਾਂ ਔਰਤਾਂ ਦੀ ਅਵਾਜ਼ ਨੂੰ ਚੁੱਕ ਰਹੀ ਹੈ ਤੇ ਸਰਕਾਰ ਦੇ ਕੰਨ ਖਿੱਚ ਕੇ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਵਾ ਰਹੀ ਹੈ ।
ਇਸ ਮੌਕੇ ਹਰਗੋਬਿੰਦ ਕੌਰ ਨੇ ਸਬੋਧਨ ਕਰਦਿਆਂ ਕਿਹਾ ਕਿ 1 ਫਰਵਰੀ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਉਸ ਵਿੱਚ ਇਸਤਰੀ ਅਕਾਲੀ ਦਲ ਨਾਲ ਸਬੰਧਿਤ ਔਰਤਾਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੀਆਂ । ਉਹਨਾਂ ਕਿਹਾ ਕਿ ਲੰਬੀ ਵਿਧਾਨ ਸਭਾ ਹਲਕੇ ਵਿਚ ਪੰਜਾਬ ਬਚਾਓ ਯਾਤਰਾ 20 ਫਰਵਰੀ ਨੂੰ ਆ ਰਹੀ ਹੈ । ਇਸ ਦਿਨ ਲੰਬੀ ਹਲਕੇ ਦੀਆਂ ਔਰਤਾਂ ਇਕ ਥਾਂ ਇਕੱਠੀਆਂ ਹੋਣਗੀਆਂ ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਾਰੇ ਵਰਗਾਂ ਦੇ ਲੋਕ ਨਿਰਾਸ਼ ਹਨ ਤੇ ਝਾੜੂ ਹੁਣ ਖਿਲਰ ਗਿਆ ਹੈ । ਉਹਨਾਂ ਕਿਹਾ ਕਿ ਲੋਕ ਅਕਾਲੀ ਦਲ ਨਾਲ ਜੁੜ ਰਹੇ ਹਨ ।
ਇਸ ਮੌਕੇ ਬਲਾਕ ਲੰਬੀ ਦੀ ਪ੍ਰਧਾਨ ਮਨਜੀਤ ਕੌਰ ਲੰਬੀ , ਬੇਅੰਤ ਕੌਰ ਮਹਿਣਾ , ਜਸਵੀਰ ਕੌਰ ਗੱਗੜ , ਮਨਦੀਪ ਕੌਰ ਮਿੱਡੂਖੇੜਾ , ਵੀਰਪਾਲ ਕੌਰ ਸਿੱਖਵਾਲਾ , ਸੀਮਾ ਪੱਕੀ ਟਿੱਬੀ , ਅਮਨਦੀਪ ਕੌਰ ਡੱਬਵਾਲੀ ਢਾਬ , ਰਾਜ ਕੌਰ ਖਿਉਵਾਲੀ , ਕੁਲਵਿੰਦਰ ਕੌਰ ਮਹਿਣਾ , ਅਮਨਦੀਪ ਕੌਰ ਖੁੱਡੀਆਂ , ਸੁਖਜੀਤ ਕੌਰ ਸ਼ਾਮ ਖੇੜਾ , ਗੁਰਪ੍ਰੀਤ ਕੌਰ ਦਿਉਣ ਖੇੜਾ , ਸਿਮਰਜੀਤ ਕੌਰ ਕਿੱਲਿਆਂਵਾਲੀ , ਮਨਜੀਤ ਕੌਰ ਲਾਲਬਾਈ , ਕੁਲਵਿੰਦਰ ਕੌਰ ਬੁਰਜ ਸਿੱਧਵਾਂ , ਸੰਦੀਪ ਕੌਰ ਮਾਨਾ , ਜਸਵੀਰ ਕੌਰ ਲੰਬੀ ਅਤੇ ਪਰਮਜੀਤ ਕੌਰ ਬਾਦਲ ਆਦਿ ਆਗੂ ਮੌਜੂਦ ਸਨ ।