- ਹਜ਼ਾਰਾਂ ਔਰਤਾਂ ਕੇਸਰੀ ਦੁਪੱਟੇ ਲੈ ਕੇ ਪੁੱਜਣਗੀਆਂ ਅਤੇ ਇਕ ਇਤਿਹਾਸ ਰਚਨਗੀਆਂ -
ਸ੍ਰੀ ਮੁਕਤਸਰ ਸਾਹਿਬ , 10 ਜਨਵਰੀ (ਸੁਖਪਾਲ ਸਿੰਘ ਢਿੱਲੋਂ)- 40 ਮੁਕਤਿਆਂ ਦੀ ਪਵਿੱਤਰ ਧਰਤੀ ਇਤਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਰੋਡ ਤੇ ਮਾਘੀ ਮੇਲੇ ਨੂੰ ਮੁੱਖ ਰੱਖਦਿਆਂ ਇਸਤਰੀ ਅਕਾਲੀ ਦਲ ਵੱਲੋਂ ਮਾਤਾ ਭਾਗ ਕੌਰ ਨੂੰ ਸਮਰਪਿਤ ਔਰਤਾਂ ਦੀ ਇੱਕ ਵੱਡੀ ਸਿਆਸੀ ਕਾਨਫਰੰਸ 12 ਜਨਵਰੀ ਦਿਨ ਸ਼ੁਕਰਵਾਰ ਨੂੰ ਕੀਤੀ ਜਾ ਰਹੀ ਹੈ ।
ਅੱਜ ਕਾਨਫਰੰਸ ਵਾਲੀ ਥਾਂ ਜਿਥੇ ਬਹੁਤ ਵੱਡਾ ਪੰਡਾਲ ਲਗਾਇਆ ਜਾ ਰਿਹਾ ਹੈ ਤੇ ਪੁੱਜ ਕੇ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਉਥੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ।
ਉਹਨਾਂ ਦੱਸਿਆ ਕਿ ਮਾਘੀ ਦੇ ਮੇਲੇ ਮੌਕੇ ਔਰਤਾਂ ਦੀ ਇਹ ਪਹਿਲੀ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਹਜ਼ਾਰਾਂ ਔਰਤਾਂ ਕੇਸਰੀ ਦੁਪੱਟੇ ਲੈ ਕੇ ਪੁੱਜਣਗੀਆਂ ਅਤੇ ਇਕ ਇਤਿਹਾਸ ਰਚਨਗੀਆਂ । ਉਹਨਾਂ ਕਿਹਾ ਕਿ ਸੂਬੇ ਵਿੱਚ 50 ਪ੍ਰਤੀਸ਼ਤ ਅਬਾਦੀ ਔਰਤਾਂ ਦੀ ਹੈ ਤੇ ਸਰਕਾਰ ਬਣਾਉਣ ਵਿੱਚ ਔਰਤਾਂ ਦਾ ਵੱਡਾ ਰੋਲ ਹੁੰਦਾ ਹੈ । ਇਸ ਲਈ ਔਰਤਾਂ ਲਈ ਸਿਆਸਤ ਪ੍ਰਤੀ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ ।
ਉਹਨਾਂ ਕਿਹਾ ਕਿ ਕਾਨਫਰੰਸ ਨੂੰ ਸਫਲ ਬਣਾਉਣ ਲਈ ਪੂਰੀ ਵਿਉਂਤਬੰਦੀ ਨਾਲ ਹਰ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ ਤਾਂ ਕਿ ਇਥੇ ਆਉਣ ਵਾਲੀਆਂ ਬੀਬੀਆਂ ਨੂੰ ਕੋਈ ਮੁਸ਼ਕਲ ਜਾਂ ਦਿਕਤ ਨਾ ਆਵੇ ।
ਹਰਗੋਬਿੰਦ ਕੌਰ ਨੇ ਕਿਹਾ ਕਿ ਇਸਤਰੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਇਹ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਮੁੱਢ ਬੰਨੇਗੀ । ਕਿਉਂਕਿ ਹਵਾ ਦਾ ਬੁੱਲਾ ਹੁਣ ਅਕਾਲੀ ਦਲ ਵਾਲੇ ਪਾਸੇ ਵਗ ਰਿਹਾ ।