- ਪਾਰਟੀ ਲਈ ਮਿਹਨਤ ਅਤੇ ਕੰਮ ਕਰਨ ਵਾਲੀਆਂ ਔਰਤਾਂ ਨੂੰ ਦਿੱਤੇ ਜਾਣਗੇ ਅਹੁਦੇ - ਸੁਖਬੀਰ ਸਿੰਘ ਬਾਦਲ
- ਇਸਤਰੀ ਵਿੰਗ ਵੱਲੋਂ ਮਾਘੀ ਦੇ ਮੇਲੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾਣ ਵਾਲੀ ਕਾਨਫਰੰਸ ਸਾਰੇ ਰਿਕਾਰਡ ਤੋੜ ਦੇਵੇਗੀ ਤੇ ਅਕਾਲੀ ਦਲ ਦੀ ਜਿੱਤ ਦਾ ਮੁੱਢ ਬੰਨੇਗੀ - ਹਰਗੋਬਿੰਦ ਕੌਰ
ਬਾਦਲ/ਸ੍ਰੀ ਮੁਕਤਸਰ ਸਾਹਿਬ , 4 ਦਸੰਬਰ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਅੱਜ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਤੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਔਰਤਾਂ ਨਾਲ ਮੀਟਿੰਗ ਕੀਤੀ ਗਈ , ਜਿਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਪੁੱਜੀਆਂ ।
ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਹੈ ਕਿ ਹਰ ਪਿੰਡ ਅਤੇ ਸ਼ਹਿਰ ਵਿੱਚ ਇਸਤਰੀ ਵਿੰਗ ਦੀਆਂ ਇਕਾਈਆਂ ਬਣਾਈਆਂ ਜਾ ਰਹੀਆਂ ਹਨ ਤੇ ਔਰਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜਿਆ ਜਾ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ ।
ਹਰਗੋਬਿੰਦ ਕੌਰ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਉਹਨਾਂ ਵੱਲੋਂ ਔਰਤਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਇਸਤਰੀ ਵਿੰਗ ਵੱਲੋਂ ਮਾਘੀ ਦੇ ਮੇਲੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਕਾਨਫਰੰਸ ਸਾਰੇ ਰਿਕਾਰਡ ਤੋੜ ਦੇਵੇਗੀ ਤੇ ਅਕਾਲੀ ਦਲ ਦੀ ਜਿੱਤ ਦਾ ਮੁੱਢ ਬੰਨੇਗੀ ।
ਉਹਨਾਂ ਕਿਹਾ ਕਿ ਹਰੇਕ ਔਰਤ ਤੱਕ ਅਕਾਲੀ ਦਲ ਵੱਲੋਂ ਆਪਣੇ ਰਾਜ ਭਾਗ ਦੌਰਾਨ ਕੀਤੇ ਗਏ ਕੰਮਾਂ , ਵਿਕਾਸ ਕਾਰਜਾਂ ਅਤੇ ਆਮ ਲੋਕਾਂ ਲਈ ਚਲਾਈਆਂ ਗਈਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਪੰਜਾਬ ਦੇ ਲੋਕਾਂ ਦੀ ਹਮਦਰਦ ਪਾਰਟੀ ਅਕਾਲੀ ਦਲ ਹੀ ਹੈ । ਉਹਨਾਂ ਕਿਹਾ ਕਿ ਅੱਜ ਸਾਨੂੰ ਲੋੜ ਹੈ ਆਪਣੀ ਖੇਤਰੀ ਪਾਰਟੀ ਦੇ ਨਾਲ ਜੁੜਨ ਦੀ ।
ਹਰਗੋਬਿੰਦ ਕੌਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲਗਾਇਆ ਕਿ ਉਕਤ ਪਾਰਟੀ ਨੇ ਪੰਜਾਬ ਦੀਆਂ ਸਮੁੱਚੀਆਂ ਔਰਤਾਂ ਨਾਲ ਇਕ ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰਕੇ ਧੋਖੇ ਨਾਲ ਸਰਕਾਰ ਬਣਾਈ ਸੀ । ਪਰ ਡੇਢ ਸਾਲ ਤੋਂ ਉੱਪਰ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਇਕ ਵੀ ਰੁਪਈਆ ਨਹੀਂ ਦਿੱਤਾ ਗਿਆ ਤੇ ਔਰਤਾਂ ਹਜ਼ਾਰ ਹਜ਼ਾਰ ਰੁਪਏ ਨੂੰ ਉਡੀਕ ਰਹੀਆਂ ਹਨ ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਔਰਤਾਂ ਨੂੰ ਬਣਦਾ ਮਾਣ ਸਤਿਕਾਰ ਦੇਣਗੇ ਤੇ ਹਰ ਥਾਂ ਬਰਾਬਰ ਦੀ ਹਿੱਸੇਦਾਰੀ ਹੋਵੇਗੀ । ਜਿਥੇ ਵੀ ਟਿਕਟਾਂ ਜਾਂ ਅਹੁਦਿਆਂ ਦੀ ਗੱਲ ਆਵੇਗੀ ਔਰਤਾਂ ਨੂੰ ਮੂਹਰੇ ਰੱਖਿਆ ਜਾਵੇਗਾ । ਪਰ ਉਹਨਾਂ ਔਰਤਾਂ ਨੂੰ ਹੀ ਅੱਗੇ ਲਿਆਂਦਾ ਜਾਵੇਗਾ ਜੋ ਪਾਰਟੀ ਲਈ ਮਿਹਨਤ ਤੇ ਕੰਮ ਕਰਨਗੀਆਂ ।