- ਮੁੱਖ ਮੰਤਰੀ ਨੂੰ ਏ-ਮੇਲ ਰਾਹੀਂ ਪੱਤਰ ਭੇਜਿਆ -
ਸ੍ਰੀ ਮੁਕਤਸਰ ਸਾਹਿਬ, 30 ਦਸੰਬਰ (BTTNEWS)- ਅੱਜ ਕੱਲ੍ਹ ਪੰਜਾਬ ਸਮੇਤ ਸਮੁੱਚਾ ਉਤਰੀ ਭਾਰਤ ਕੜਾਕੇ ਦੀ ਸਰਦੀ ਦਾ ਸਾਹਮਣਾ ਕਰ ਰਿਹਾ ਹੈ। ਸੰਘਣੀ ਧੁੱਧ ਪੈ ਰਹੀ ਹੈ। ਸ਼ੀਤ ਲਹਿਰ ਚੱਲ ਰਹੀ ਹੈ। ਵਿਜੀਬਿਲਟੀ ਬਹੁਤ ਘੱਟ ਹੈ। ਆਮ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ।
ਸੜਕਾਂ ’ਤੇ ਵਹੀਕਲਾਂ ਦੀ ਰਫ਼ਤਾਰ ਬੇਹੱਦ ਸੁਸਤ ਜਿਹੀ ਹੋ ਗਈ ਹੈ। ਦੁਰਘਟਨਾਵਾਂ ਵਿੱਚ ਵਾਧਾ ਹੋ ਗਿਆ ਹੈ। ਰਾਜ ਦੇ ਸਕੂਲਾਂ ਵਿਚ ਸਰਦੀ ਦੀਆਂ ਛੁੱਟੀਆਂ ਖਤਮ ਹੋ ਰਹੀਆਂ ਹਨ। ਅਜਿਹੀਆਂ ਹਾਲਤਾਂ ਵਿਚ ਛੋਟੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਵੈਸੇ ਵੀ ਛੋਟੇ ਬੱਚੇ ਬੜੀ ਜਲਦੀ ਹੀ ਸਰਦੀ ਦੀ ਜਕੜ ਵਿਚ ਆ ਜਾਂਦੇ ਹਨ ਤੇ ਮੌਸਮੀ ਬਿਮਾਰੀਆਂ ਦੀ ਮਾਰ ਵਿਚ ਆ ਜਾਂਦੇ ਹਨ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਕੜਾਕੇ ਦੀ ਸਰਦੀ ਅਤੇ ਸੰਘਣੀ ਧੁੱਧ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਿਚ ਵਾਧਾ ਕੀਤਾ ਜਾਵੇ। ਅੱਜ ਇਥੇ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਛੁੱਟੀਆਂ ’ਚ ਵਾਧੇ ਲਈ ਰਾਜ ਦੇ ਮੁੱਖ ਮੰਤਰੀ ਨੂੰ ਈ-ਮੇਲ ਰਾਹੀਂ ਪੱਤਰ ਭੇਜ ਦਿੱਤਾ ਗਿਆ ਹੈ। ਢੋਸੀਵਾਲ ਨੇ ਆਮ ਜਨਤਾ ਨੂੰ ਇਹ ਵੀਅਪੀਲ ਕੀਤੀ ਹੈ ਕਿ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਨ੍ਹਾਂ ਜ਼ਰੂਰੀ ਕੰਮ ਤੋਂ ਘਰੋਂ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ ਤੇ ਵਹੀਕਲਾਂ ਨੂੰ ਘੱਟ ਰਫ਼ਤਾਰ ਅਤੇ ਸਾਵਧਾਨੀ ਨਾਲ ਚਲਾਇਆ ਜਾਵੇ।