- 10 ਦਿਨਾਂ ਵਿੱਚ ਮਾਣ ਭੱਤਾ ਨਾ ਦਿੱਤਾ ਗਿਆ ਤਾਂ ਜਥੇਬੰਦੀ ਕਰੇਗੀ ਸੰਘਰਸ਼ - ਗੁਰਮੀਤ ਕੌਰ ਗੋਨੇਆਣਾ
ਬਠਿੰਡਾ , 15 ਦਸੰਬਰ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੀਰ ਕੌਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਹਾਜੀ ਰਤਨ ਬਠਿੰਡਾ ਵਿਖੇ ਹੋਈ । ਜਿਸ ਦੌਰਾਨ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਗੁਰਮੀਤ ਕੌਰ ਗੋਨੇਆਣਾ ਜੋ ਜ਼ਿਲਾ ਬਠਿੰਡਾ ਦੀ ਵੀ ਪ੍ਰਧਾਨ ਹੈ ਵਿਸ਼ੇਸ਼ ਤੌਰ ਤੇ ਪਹੁੰਚੀ । ਮੀਟਿੰਗ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਬਹੁਤ ਸਾਰੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬਲਾਕ ਬਠਿੰਡਾ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਰਚ 2023 ਤੋਂ ਹੁਣ ਤੱਕ ਸਟੇਟ ਦਾ ਮਾਣ ਭੱਤਾ ਨਹੀਂ ਮਿਲਿਆ ਅਤੇ ਸਤੰਬਰ 2023 ਤੋਂ ਹੁਣ ਤੱਕ ਸੈਂਟਰ ਫੰਡ ਨਹੀਂ ਮਿਲਿਆ । ਜਿਸ ਕਰਕੇ ਬਹੁਤ ਸਾਰੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਿਰਾਸ਼ਤਾ ਦੇ ਆਲਮ ਵਿੱਚ ਹਨ ਤੇ ਉਹਨਾਂ ਨੂੰ ਆਪਣੇ ਘਰਾਂ ਦਾ ਗੁਜਾਰਾ ਕਰਨਾ ਔਖਾ ਹੋਇਆ ਪਿਆ ਹੈ ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 10 ਦਿਨਾਂ ਦੇ ਅੰਦਰ ਅੰਦਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਟੇਟ ਅਤੇ ਸੈਂਟਰ ਦਾ ਮਾਣ ਭੱਤਾ ਨਾ ਮਿਲਿਆ ਤਾਂ ਜਥੇਬੰਦੀ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ।
ਉਹਨਾਂ ਇਹ ਵੀ ਕਿਹਾ ਕਿ ਬਠਿੰਡਾ ਸ਼ਹਿਰ ਵਿੱਚ ਜਿਹੜੇ ਆਂਗਣਵਾੜੀ ਸੈਂਟਰ ਕਿਰਾਏ ਦੀਆਂ ਇਮਾਰਤਾਂ ਵਿੱਚ ਚੱਲ ਰਹੇ ਹਨ ਉਹਨਾਂ ਨੂੰ ਸਰਕਾਰ ਨੇ ਕਿਰਾਇਆ ਨਹੀਂ ਦਿੱਤਾ । ਉਹਨਾਂ ਮੰਗ ਕੀਤੀ ਕਿ ਸੈਂਟਰਾਂ ਦਾ ਕਿਰਾਇਆ ਤੁਰੰਤ ਦਿੱਤਾ ਜਾਵੇ । ਮੀਟਿੰਗ ਵਿੱਚ ਇਹ ਵੀ ਮੁੱਦਾ ਉੱਠਿਆ ਕਿ ਆਂਗਣਵਾੜੀ ਸੈਂਟਰਾਂ ਵਿੱਚ ਰਾਸ਼ਨ ਦੀ ਸਪਲਾਈ ਸਹੀ ਨਹੀਂ ਆ ਰਹੀ । ਐਤਕੀਂ ਦਸੰਬਰ ਦੇ ਮਹੀਨੇ ਜੋ ਪੰਜੀਰੀ ਮਾਰਕਫੈੱਡ ਵੱਲੋਂ ਭੇਜੀ ਗਈ ਹੈ ਉਹ ਬਿਲਕੁਲ ਕੱਚੀ ਹੈ। ਜਿਸ ਨੂੰ ਖਾਹ ਕੇ ਲਾਭਪਾਤਰੀਆਂ ਦੀ ਸਿਹਤ ਖਰਾਬ ਹੋ ਸਕਦੀ ਹੈ । ਇਸੇ ਤਰ੍ਹਾਂ ਜੋ ਮੁਰਮੁਰੇ ਭੇਜੇ ਗਏ ਹਨ ਉਹ ਵੀ ਠੀਕ ਨਹੀਂ ਹਨ । ਉਹਨਾਂ ਮੰਗ ਕੀਤੀ ਕਿ ਰਾਸ਼ਨ ਦੀ ਸਪਲਾਈ ਸਹੀ ਅਤੇ ਸਮੇਂ ਸਿਰ ਭੇਜੀ ਜਾਵੇ ।
ਇਸ ਮੌਕੇ ਸੋਮਾ ਰਾਣੀ , ਦਰਸ਼ਨਾਂ ਰਾਣੀ , ਸੁਖਦੇਵ ਕੌਰ , ਮਨਪ੍ਰੀਤ ਕੌਰ , ਗੁਰਚਰਨ ਕੌਰ , ਰੁਪਿੰਦਰ ਕੌਰ , ਸਤਵੀਰ ਕੌਰ , ਨਵਜੋਤ ਕੌਰ , ਲੀਲਾਵੰਤੀ , ਗੁਰਜੀਤ ਕੌਰ , ਕੰਵਲਜੀਤ ਕੌਰ ਅਤੇ ਪਰਮਰਾਜ ਕੌਰ ਆਦਿ ਆਗੂ ਮੌਜੂਦ ਸਨ ।