- ਸਰਕਾਰੀ ਪੱਤਰ ਦੀ ਰੋਸ਼ਨੀ ’ਚ ਕੀਤੀ ਕਾਰਵਾਈ -
ਸ੍ਰੀ ਮੁਕਤਸਰ ਸਾਹਿਬ, 29 ਦਸੰਬਰ (BTTNEWS)- ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਵਿਖੇ ਪਿਛਲੇ ਲੰਮੇ ਸਮੇਂ ਤੋਂ ਦਰਜਾ ਚਾਰ ਕਰਮਚਾਰੀਆਂ ਨੂੰ ਬਤੌਰ ਦਰਜਾ ਤਿੰਨ ਪ੍ਰਮੋਟ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜ ਦੇ ਹੋਰ ਵੀ ਕਈ ਵਿਭਾਗਾਂ ਵਿਚ ਅਧਿਕਾਰੀਆਂ/ਕਰਮਚਾਰੀਆਂ ਦੀਆਂ ਵਿਭਾਗੀ ਤਰੱਕੀਆਂ ਡਿਊ ਹਨ।
ਅਜਿਹੇ ਯੋਗ ਕਰਮਚਾਰੀ ਲੰਮੇ ਸਮੇਂ ਤੋਂ ਤਰੱਕੀਆਂ ਨੂੰ ਉਡੀਕ ਰਹੇ ਹਨ। ਯੂਨੀਵਰਸਿਟੀ ਅਤੇ ਹੋਰਨਾਂ ਵਿਭਾਗਾਂ ਦੀ ਅਜਿਹੀ ਕਰਮਚਾਰੀ ਵਿਰੋਧੀ ਕਾਰਵਾਈ ਕਾਰਣ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ ਸਬੰਧੀ ਸ਼ਲਾਘਾਯੋਗ ਫੈਸਲਾ ਕੀਤਾ ਹੈ। ਇਸ ਫੈਸਲੇ ਅਨੁਸਾਰ ਰਾਜ ਦੇ ਮੁੱਖ ਸਕੱਤਰ ਵੱਲੋਂ ਬੀਤੀ 21 ਦਸੰਬਰ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਅਨੁਸਾਰ ਤਰੱਕੀ ਦੇ ਯੋਗ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸਰਕਾਰੀ ਨਿਯਮਾਂ ਅਨੁਸਾਰ ਵਿਧੀ ਅਪਨਾ ਕੇ ਦੋ ਮਹੀਨੇ ਦੇ ਅੰਦਰ-ਅੰਦਰ ਪ੍ਰਮੋਸ਼ਨਾਂ ਕਰਨ ਦੇ ਹੁਕਮ ਦਿਤੇ ਹਨ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਲੋਕ/ਕਰਮਚਾਰੀ ਹਿੱਤ ਨੂੰ ਮੁੱਖ ਰੱਖਦੇ ਹੋਏ ਅਤੇ ਸੂ-ਮੋਟੋ ਨੋਟਿਸ ਲੈਦੇ ਹੋਏ ਰਾਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਉਕਤ ਪੱਤਰ ਅਨੁਸਾਰ ਤਰੱਕੀਆਂ ਕਰਨ ਸਬੰਧੀ ਲਿਖਤੀ ਬੇਨਤੀ ਪੱਤਰ ਭੇਜਣ ਦਾ ਫੈਸਲਾ ਕੀਤਾ ਹੈ। ਇਸੇ ਲੜੀ ਅਧੀਨ ਭਲਾਈ ਮੰਚ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਨੂੰ ਸੰਸਥਾ ਵੱਲੋਂ ਪੱਤਰ ਨੰਬਰ ਸਪੈਸ਼ਲ-1 ਮਿਤੀ 28-12-2023 ਲਿਖ ਕੇ ਉਕਤ ਪੱਤਰ ਦੀ ਰੋਸ਼ਨੀ ਵਿਚ ਯੋਗ ਅਧਿਕਾਰੀਆਂ/ਕਰਮਚਾਰੀਆਂ ਦੀਆਂ ਤਰੱਕੀਆਂ ਕਰਨ ਅਤੇ ਕੀਤੀ ਗਈ ਕਾਰਵਾਈ ਤੋਂ ਜਾਣੂ ਕਰਾਉਣ ਦੀ ਬੇਨਤੀ ਕੀਤੀ ਗਈ ਹੈ। ਢੋਸੀਵਾਲ ਨੇ ਉਮੀਦ ਜਾਹਰ ਕੀਤੀ ਹੈ ਕਿ ਸਰਕਾਰ ਵੱਲੋਂ ਉਕਤ ਜਾਰੀ ਪੱਤਰ ਅਨੁਸਾਰ ਰਾਜ ਦੇ ਸਾਰੇ ਯੋਗ ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ ਨਿਸ਼ਚਤ ਸਮੇਂ ਸੀਮਾ ਅੰਦਰ ਕਰ ਦਿਤੀਆਂ ਜਾਣਗੀਆਂ।