ਵਣ ਵਿਭਾਗ ਦਾ ਖੇਤਰੀ ਮੈਨੇਜਰ 30,000 ਰੁਪਏ ਰਿਸ਼ਵਤ ਲੈੰਦਾ ਕਾਬੂ

BTTNEWS
0

 ਚੰਡੀਗੜ, 8 ਨਵੰਬਰ (BTTNEWS)- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਬੁੱਧਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਕਸਬਾ ਫਿਲੌਰ ਵਿਖੇ ਪੰਜਾਬ ਜੰਗਲਾਤ ਵਿਭਾਗ ਦੇ ਖੇਤਰੀ ਮੈਨੇਜਰ ਵਜੋਂ ਤਾਇਨਾਤ ਸੁਖਮਿੰਦਰ ਸਿੰਘ ਹੀਰਾ, ਪੀ.ਐਫ.ਐਸ., ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।

ਵਣ ਵਿਭਾਗ ਦਾ ਖੇਤਰੀ ਮੈਨੇਜਰ 30,000 ਰੁਪਏ ਰਿਸ਼ਵਤ ਲੈੰਦਾ ਕਾਬੂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਅਧਿਕਾਰੀ ਨੂੰ ਜੰਗਲਾਤ ਠੇਕੇਦਾਰ ਬਲਕਾਰ ਸਿੰਘ ਵਾਸੀ ਪਿੰਡ ਕਾਲਸ ਕਲਾਂ, ਜ਼ਿਲ੍ਹਾ ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੰਜਾਬ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਯੂ.) ਲੁਧਿਆਣਾ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਕਤ ਜੰਗਲਾਤ ਅਧਿਕਾਰੀ ਨੇ ਉਸਦੀ ਫਰਮ ਨੂੰ ਅਲਾਟ ਕੀਤੇ ਟੈਂਡਰ ਤਹਿਤ ਦਰੱਖਤਾਂ ਦੀ ਕਟਾਈ ਬਦਲੇ ਉਸ ਤੋਂ 35,000 ਰੁਪਏ ਬਤੌਰ ਕਮਿਸ਼ਨ ਦੇਣ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਸੁਖਮਿੰਦਰ ਸਿੰਘ ਨੇ ਉਸਨੂੰ ਧਮਕਾਇਆ ਹੈ ਕਿ ਜੇਕਰ ਉਸਨੇ ਇਸ ਕਮਿਸ਼ਨ ਦੀ ਅਦਾਇਗੀ ਨਾ ਕੀਤੀ ਤਾਂ ਭਵਿੱਖ ਵਿੱਚ ਉਸ (ਸ਼ਿਕਾਇਤਕਰਤਾ) ਨੂੰ ਅਜਿਹਾ ਕੋਈ ਟੈਂਡਰ ਅਲਾਟ ਨਹੀਂ ਕਰਨ ਦੇਵੇਗਾ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਉਂਦਿਆਂ ਦੱਸਿਆ ਕਿ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਪਰ ਮਜਬੂਰੀ ਵੱਸ ਉਸਨੂੰ ਪਹਿਲੀ ਕਿਸ਼ਤ ਵਜੋਂ 5000 ਰੁਪਏ ਉਕਤ ਵਣ ਅਧਿਕਾਰੀ ਨੂੰ ਦੇਣੇ ਪਏ ਅਤੇ ਹੁਣ ਉਹ ਬਕਾਇਆ ਪੈਸਿਆਂ ਦੀ ਮੰਗ ਕਰ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਈ.ਓ.ਡਬਲਯੂ. ਲੁਧਿਆਣਾ ਦੀ ਇੱਕ ਟੀਮ ਨੇ ਉਕਤ ਵਣ ਅਧਿਕਾਰੀ ਨੂੰ ਦੋ ਅਧਿਕਾਰੀਆਂ ਦੇ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ ਵਜੋਂ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਮੁਲਜ਼ਮ ਖਿਲਾਫ਼ ਈ.ਓ.ਡਬਲਯੂ. ਵਿਜੀਲੈਂਸ ਬਿਉਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Post a Comment

0Comments

Post a Comment (0)