- ਕਰਮਜੀਤ ਕੌਰ ਸਮਾਉਂ ਨੂੰ ਇਸਤਰੀ ਅਕਾਲੀ ਦਲ ਜ਼ਿਲਾ ਮਾਨਸਾ ਦਾ ਪ੍ਰਧਾਨ ਬਣਾਇਆ ਗਿਆ -
ਮਾਨਸਾ , 25 ਨਵੰਬਰ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਇਸਤਰੀ ਵਿੰਗ ਨੇ ਸੂਬੇ ਅੰਦਰ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ ਤੇ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਿਆ ਜਾ ਰਿਹਾ ਹੈ ।
ਇਸ ਲੜੀ ਨੂੰ ਅੱਗੇ ਤੋਰਦਿਆਂ ਅੱਜ ਮਾਨਸਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਇਸਤਰੀ ਅਕਾਲੀ ਦਲ ਦੀ ਮੀਟਿੰਗ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਹੋਈ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ । ਇਸ ਸਮੇਂ ਇਸਤਰੀ ਵਿੰਗ ਦੇ ਜ਼ਿਲਾ ਮਾਨਸਾ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ ।
ਇਹ ਜਾਣਕਾਰੀ ਦਿੰਦਿਆਂ ਹਰਗੋਬਿੰਦ ਕੌਰ ਨੇ ਦੱਸਿਆ ਕਿ ਕਰਮਜੀਤ ਕੌਰ ਸਮਾਉਂ ਨੂੰ ਜ਼ਿਲਾ ਮਾਨਸਾ ਦਾ ਪ੍ਰਧਾਨ ਬਣਾਇਆ ਗਿਆ । ਲਾਭ ਕੌਰ ਮੂਸਾ , ਸੁਖਜੀਤ ਕੌਰ ਝੋਬਰ ਤੇ ਸੁਖਵਿੰਦਰ ਕੌਰ ਸੁੱਖੀ ਬੁਢਲਾਡਾ ਸੀਨੀਅਰ ਮੀਤ ਪ੍ਰਧਾਨ ਅਤੇ ਚਰਨਜੀਤ ਕੌਰ ਭਾਦੜਾ , ਜਸਪਾਲ ਕੌਰ ਉਡਾਲਾ ਕਲਾਂ , ਕਸ਼ਮੀਰ ਕੌਰ ਅਤਲਾ ਖੁਰਦ ਅਤੇ ਗੁਰਦੀਪ ਕੌਰ ਦਲੇਲ ਸਿੰਘ ਵਾਲਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ ।
ਗੁਰਦੀਪ ਕੌਰ ਮੂਸਾ ਨੂੰ ਜਨਰਲ ਸਕੱਤਰ, ਮਨਜਿੰਦਰ ਕੌਰ ਅਤਲਾ ਖੁਰਦ , ਪਰਮਿੰਦਰ ਕੌਰ ਖਿਆਲਾ ਕਲਾਂ ਅਤੇ ਰੇਖਾ ਰਾਣੀ ਦਲੇਲ ਸਿੰਘ ਵਾਲਾ ਨੂੰ ਸਹਾਇਕ ਸਕੱਤਰ ਬਣਾਇਆ ਗਿਆ । ਜਦੋਂ ਕਿ ਸਰਬਜੀਤ ਕੌਰ , ਨਿਰਮਲਜੀਤ ਕੌਰ , ਜਸਪਾਲ ਕੌਰ , ਰਾਣੀ ਕੌਰ ਖਿਆਲਾ ਕਲਾਂ , ਪੁਸ਼ਪਿੰਦਰ ਕੌਰ , ਰਣਜੀਤ ਕੌਰ , ਜਸਵੀਰ ਕੌਰ ਮੂਸਾ , ਅਮਨਦੀਪ ਕੌਰ ਅਤੇ ਜਸਵੀਰ ਕੌਰ ਝੁਨੀਰ ਨੂੰ ਕਾਰਜਕਾਰੀ ਕਮੇਟੀ ਦੇ ਮੈਂਬਰ ਲਿਆ ਗਿਆ ।
ਨਵੀਂ ਚੁਣੀ ਗਈ ਜ਼ਿਲਾ ਪ੍ਰਧਾਨ ਕਰਮਜੀਤ ਕੌਰ ਸਮਾਉਂ ਨੇ ਇਸ ਮੌਕੇ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਜ਼ਿਲੇ ਅੰਦਰ ਪਿੰਡ ਪੱਧਰ ਤੱਕ ਇਕਾਈਆਂ ਬਣਾਉਣਗੇ ।
ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਇਸ ਮੌਕੇ ਸਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਖੇਤਰੀ ਪਾਰਟੀ ਹੈ ਜੋ ਹਮੇਸ਼ਾ ਪੰਜਾਬ ਦੇ ਭਲੇ ਲਈ ਸੋਚਦੀ ਹੈ । ਪੰਜਾਬ ਵਿੱਚ ਜੋ ਵੀ ਵਿਕਾਸ ਕਾਰਜ ਹੋਏ ਹਨ ਉਹ ਸਾਰੇ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਏ ਸਨ ਜਦੋਂ ਕਿ ਦੂਜੀਆਂ ਸਿਆਸੀ ਪਾਰਟੀਆਂ ਨੇ ਆਮ ਜਨਤਾ ਨੂੰ ਝੂਠੇ ਲਾਰਿਆਂ ਵਿੱਚ ਰੱਖਿਆ । ਉਹਨਾਂ ਕਿਹਾ ਕਿ ਹਜ਼ਾਰਾਂ ਔਰਤਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਮੈਂਬਰ ਬਣ ਰਹੀਆਂ ਹਨ ਤੇ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ ।