ਬੱਚਿਆਂ ਦੀ ਅਸ਼ਲੀਲ ਸਮੱਗਰੀ ਫੇਸਬੁੱਕ ’ਤੇ ਪ੍ਰਸਾਰਿਤ ਕਰਨ ਦੇ ਦੋਸ਼ ’ਚ, 3 ਸਾਲ ਦੀ ਕੈਦ, 10 ਹਜ਼ਾਰ ਦਾ ਜੁਰਮਾਨਾ

BTTNEWS
0

 ਚੰਡੀਗੜ੍ਹ, 23 ਨਵੰਬਰ (BTTNEWS)- ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਐਸ.ਏ.ਐਸ.ਨਗਰ ਨੇ ਲੁਧਿਆਣਾ ਦੇ ਇੱਕ ਵਿਅਕਤੀ ਨੂੰ ਫੇਸਬੁੱਕ ਮੈਸੇਂਜਰ ਰਾਹੀਂ ਬਾਲ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਦੇ ਦੋਸ਼ ਵਿੱਚ ਤਿੰਨ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 10000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਮੁਲਜ਼ਮ ਦੀ ਪਛਾਣ ਲੁਧਿਆਣਾ ਦੇ ਪਿੰਡ ਸਾਹਨੇਵਾਲ ਦੇ ਰਹਿਣ ਵਾਲੇ ਅਨੁਜ ਕੁਮਾਰ ਵਜੋਂ ਹੋਈ ਹੈ।

ਬੱਚਿਆਂ ਦੀ ਅਸ਼ਲੀਲ ਸਮੱਗਰੀ ਫੇਸਬੁੱਕ ’ਤੇ ਪ੍ਰਸਾਰਿਤ ਕਰਨ ਦੇ ਦੋਸ਼ ’ਚ, 3 ਸਾਲ ਦੀ ਕੈਦ, 10 ਹਜ਼ਾਰ ਦਾ ਜੁਰਮਾਨਾ

ਪ੍ਰਾਪਤ ਜਾਣਕਾਰੀ ਅਨੁਸਾਰ, ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਿਡ ਚਿਲਡਰਨ (ਐਨਸੀਐਮਈਸੀ) ਤੋਂ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (ਐਨਸੀਆਰਪੀ) ’ਤੇ ਪ੍ਰਾਪਤ ਬਾਲ ਅਸ਼ਲੀਲ ਸਮੱਗਰੀ ਦੇ ਪ੍ਰਸਾਰਣ ਸੰਬੰਧੀ ਮਿਲੀ ਸਾਈਬਰ ਸੂਹ ਤੋਂ ਬਾਅਦ, ਪੰਜਾਬ ਰਾਜ ਸਾਈਬਰ ਕ੍ਰਾਈਮ ਸੈੱਲ ਦੀ ਇਕਾਈ ਔਰਤਾਂ ਅਤੇ ਬੱਚਿਆਂ ਦੇ ਵਿਰੁੱਧ ਸਾਈਬਰ ਅਪਰਾਧ ਰੋਕਥਾਮ (ਸੀ.ਸੀ.ਪੀ.ਡਬਲਿਊ.ਸੀ.) ਨੇ, ਮਾਮਲੇ ਦੀ ਜਾਂਚ ਸ਼ੁਰੂ ਕੀਤੀ , ਜਿਸ ਤੋਂ ਪਤਾ ਲੱਗਾ ਹੈ ਕਿ ਸ਼ੱਕੀ ਵਿਅਕਤੀ ਨੇ 27-11-2020 ਨੂੰ ਫੇਸਬੁੱਕ ਮੈਸੇਂਜਰ ਰਾਹੀਂ ਬਾਲ ਅਸ਼ਲੀਲ ਵੀਡੀਓ ਕਲਿੱਪ ਪ੍ਰਸਾਰਿਤ ਕੀਤੀ ਸੀ।

ਇਸ ਤੋਂ ਬਾਅਦ, ਬਾਲ ਅਸ਼ਲੀਲ ਸਮੱਗਰੀ ਨੂੰ ਅਪਲੋਡ/ਪ੍ਰਸਾਰਿਤ ਕਰਨ ਲਈ ਪੁਲਿਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ, ਪੰਜਾਬ ਵਿਖੇ ਆਈ.ਟੀ. ਐਕਟ ਦੀ ਧਾਰਾ 67-ਬੀ  ਤਹਿਤ ਕੇਸ ਐਫਆਈਆਰ ਨੰਬਰ 18 ਮਿਤੀ 18.09.2021 ਦਰਜ ਕੀਤਾ ਗਿਆ ਸੀ।

ਇਸ ਸਬੰਧ ਵਿੱਚ ਕੀਤੀ ਜਾਂਚ ਦੌਰਾਨ, ਵੱਖ-ਵੱਖ ਇੰਟਰਨੈਟ ਸੇਵਾ ਪ੍ਰਦਾਤਾਵਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਆਈ.ਪੀ. ਐਡਰੈੱਸ ਸਮੇਤ ਤਕਨੀਕੀ ਵੇਰਵੇ ਮੰਗੇ ਗਏ ਸਨ, ਤਾਂ ਜੋ ਦੋਸ਼ੀ ਦੀ ਪਛਾਣ ਕੀਤੀ ਜਾ ਸਕੇ। ਦੋਸ਼ੀ ਨੂੰ 13 ਜਨਵਰੀ, 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਉਸ ਦੇ ਕਬਜ਼ੇ ਵਿਚੋਂ ਅਪਰਾਧ ਕਰਨ ਲਈ ਵਰਤਿਆ ਗਿਆ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਸੀ।

ਡੀਆਈਜੀ ਸਾਈਬਰ ਕ੍ਰਾਈਮ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਇਲੈਕਟਰਾਨਿਕ ਰੂਪ ਵਿੱਚ ਕਿਸੇ ਵੀ ਸਮੱਗਰੀ ਨੂੰ ਪ੍ਰਕਾਸ਼ਿਤ  ਜਾਂ ਪ੍ਰਦਰਸ਼ਿਤ ਕਰਨਾ ਜਿਸ ਵਿੱਚ ਬੱਚਿਆਂ ਨੂੰ ਅਸ਼ਲੀਲ ਹਰਕਤਾਂ ਜਾਂ ਵਿਵਹਾਰ ਵਿੱਚ ਸ਼ਾਮਲ ਦਿਖਾਇਆ ਗਿਆ ਹੋਵੇ ਜਾਂ ਇਤਰਾਜ਼ਯੋਗ ਟੈਕਸਟ ਜਾਂ ਡਿਜੀਟਲ ਚਿੱਤਰ ਬਣਾਏ ਗਏ ਹੋਣ, ਅਜਿਹੀ ਕਿਸੇ ਵੀ ਸਮੱਗਰੀ ਨੂੰ ਇਕੱਤਰ ਕਰਨਾ, ਖੋਜਣਾ, ਬ੍ਰਾਊਜ਼ ਕਰਨਾ, ਡਾਊਨਲੋਡ ਕਰਨਾ, ਇਸ਼ਤਿਹਾਰ ਦੇਣਾ, ਪ੍ਰਚਾਰ ਕਰਨਾ, ਅਦਾਨ-ਪ੍ਰਦਾਨ ਜਾਂ ਵੰਡਣਾ,ਜਿਸ ਵਿੱਚ ਇਲੈਕਟਰਾਨਿਕ ਰੂਪ ਵਿੱਚ ਬੱਚਿਆਂ ਦੇ ਨਿੱਜਤਾ ਅਤੇ ਜਿਨਸੀ ਸ਼ੋਸ਼ਣ ਹੋਵੇ, ਨੂੰ  ਦਰਸਾਉਣਾ ਇੱਕ ਸਜ਼ਾਯੋਗ ਕਾਰਵਾਈ ਹੈ ਜਿਸ ਵਿੱਚ ਪੰਜ ਸਾਲ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਵਿਵਸਥਾ ਹੈ,  ਜੋ 10 ਲੱਖ ਰੁਪਏ ਤੱਕ ਹੋ ਸਕਦਾ ਹੈ।

ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਉਹਨਾਂ ਦੀਆਂ ਆਨਲਾਈਨ ਗਤੀਵਿਧੀਆਂ ਬਾਰੇ ਖੁੱਲ੍ਹ ਕੇ ਗੱਲ ਕਰਨ, ਬੱਚਿਆਂ ਨੂੰ ਆਪਦੀ ਨਿਗਰਾਨੀ ਹੇਠ ਸਕ੍ਰੀਨਾਂ ਅਤੇ ਡਿਵਾਈਸਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ, ਬੱਚਿਆਂ ਦੇ ਆਨਲਾਈਨ ਦੋਸਤਾਂ ’ਤੇ ਅੱਖ ਰੱਖਣ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਨਿੱਜਤਾ ਗੁਪਤ ਰੱਖਣਾ ਸਿਖਾਉਣ ਲਈ ਕਿਹਾ।


ਜ਼ਿਕਰਯੋਗ ਹੈ ਕਿ ਸੀ.ਸੀ.ਪੀ.ਡਬਲਯੂ.ਸੀ. ਔਰਤਾਂ ਅਤੇ ਬੱਚਿਆਂ ਵਿਰੁੱਧ ਸਾਈਬਰ ਅਪਰਾਧਾਂ ਨੂੰ ਰੋਕਣ ਅਤੇ ਨਜਿੱਠਣ ਲਈ ਸਥਾਪਿਤ ਕੀਤੀ ਗਈ ਇੱਕ ਵਿਸ਼ੇਸ਼ ਇਕਾਈ ਹੈ।

Post a Comment

0Comments

Post a Comment (0)