ਧੁੰਦ ਦੇ ਪ੍ਰਕੋਪ ਤੋਂ ਬਚਣ ਲਈ ਵਾਹਨ ਹੌਲੀ ਚਲਾਓ

BTTNEWS
0

 ਸ੍ਰੀ ਮੁਕਤਸਰ ਸਾਹਿਬ, 23 ਨਵੰਬਰ (BTTNEWS)- ਮੌਸਮ ਵਿਚ ਤਬਦੀਲੀ ਕਾਰਨ ਅੱਜ ਕੱਲ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ। ਜਿਸ ਕਾਰਨ ਦਿਨੋਂ ਦਿਨ ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਧੁੰਦ ਕਾਰਨ ਦੇਖਣ ਦੀ ਹੱਦ ਭਾਵ ਵਿਜੀਬਿਲਟੀ ਬਹੁਤ ਘੱਟ ਰਹਿ ਜਾਂਦੀ ਹੈ।

ਧੁੰਦ ਦੇ ਪ੍ਰਕੋਪ ਤੋਂ ਬਚਣ ਲਈ ਵਾਹਨ ਹੌਲੀ ਚਲਾਓ

 ਅਕਸਰ ਇਹ ਵੀ ਦੇਖਣ ਵਿਚ ਆਇਆ ਹੈ ਕਿ ਟਰੈਕਟਰ ਟਰਾਲੀਆਂ, ਆਟੋ ਰਿਕਸ਼ਾ ਅਤੇ ਹੋਰ ਜੁਗਾੜੂ ਵਾਹਨਾ ਦੇ ਪਿਛੇ ਕੋਈ ਵੀ ਰਿਫਲੈਕਟਰ ਜਾਂ ਲਾਲ ਬੱਤੀ ਆਦਿ ਨਹੀਂ ਲੱਗੀ ਹੁੰਦੀ। ਅਜਿਹੇ ਵਾਹਨਾਂ ਪਿਛੇ ਆਉਣ ਵਾਲੇ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਆਮ ਲੋਕਾਂ, ਵਾਹਨ ਮਾਲਕਾਂ ਅਤੇ ਚਾਲਕਾਂ ਨੂੰ ਧੁੰਦ ਦੇ ਮਾਰੂ ਨਤੀਜਿਆਂ ਤੋਂ ਬਚਣ ਲਈ ਵਾਹਨ ਹੌਲੀ ਚਲਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਵਾਹਨ ਚਾਲਕਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਹੀ ਵਾਹਨ ਲੋਡ ਕਰਨ ਦੀ ਵੀ ਅਪੀਲ ਕੀਤੀ ਹੈ, ਕਿਉਂਕਿ ਔਵਰਲੋਡ ਵਹੀਕਲ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਉਹਨਾਂ ਨੇ ਵਾਹਨ ਚਾਲਕਾਂ ਅਤੇ ਮਾਲਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਵੀ ਦਿੱਤੀ ਹੈ। ਧੁੰਦ ਦੇ ਇਸ ਮੌਸਮ ਵਿਚ ਸਕੂਲ ਬੱਸ/ਵਾਹਨ ਚਾਲਕਾਂ ਨੂੰ ਹੋਰ ਵੀ ਜ਼ਿਆਦਾ ਸੁਚੇਤ ਅਤੇ ਜਾਗ੍ਰਿਤ ਹੋ ਕੇ ਵਹੀਕਲ ਚਲਾਉਣ ਦੀ ਅਪੀਲ ਕੀਤੀ ਹੈ। ਧੁੰਦ ਦੇ ਮੌਸਮ ਵਿਚ ਫੌਗ ਲਾਇਟਾਂ ਵਰਤਣ ਦੀ ਅਪੀਲ ਵੀ ਕੀਤੀ ਹੈ। ਪ੍ਰਧਾਨ ਢੋਸੀਵਾਲ ਨੇ ਅੱਗੇ ਇਹ ਵੀ ਕਿਹਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਕਦੇ ਵੀ ਟਿਕਾਣੇ ’ਤੇ ਨਾ ਪਹੁੰਚਣ ਦੀ ਬਜਾਏ ਕੁਝ ਦੇਰੀ ਨਾਲ ਪਹੁੰਚਣਾ ਬੇਹਤਰ ਹੈ। ਆਪਣੇ ਕੰਮ ਧੰਦਿਆਂ ’ਤੇ ਜਾਣ ਵਾਲੇ ਲੋਕਾਂ ਨੂੰ ਉਹਨਾਂ ਦੇ ਘਰ ਵਾਲੇ ਉਡੀਕ ਰਹੇ ਹੁੰਦੇ ਹਨ। ਅਜਿਹੀ ਹਾਲਤ ਵਿਚ ਵਾਹਨ ਚਾਲਕਾਂ ਲਈ ਸਾਵਧਾਨੀ ਬੇਹੱਦ ਜ਼ਰੂਰੀ ਹੈ। ਪ੍ਰਧਾਨ ਢੋਸੀਵਾਲ ਨੇ ਪ੍ਰਸ਼ਾਸਨ ਨੂੰ ਵੀ ਵਾਹਨਾਂ ਦੀ ਨਿਯਮਤ ਜਾਂਚ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। 

Post a Comment

0Comments

Post a Comment (0)