ਮੈਡੀਕਲ ਕਾਲਿਜ 'ਤੇ ਹਸਪਤਾਲ ਦੇ ਕੋਲ ਸੜਕ ਜ਼ਮੀਨ ਵਿਚ ਧੱਸਣੀ ਸ਼ੁਰੂ
ਫਰੀਦਕੋਟ, 21 ਨਵੰਬਰ (BTTNEWS)- ਸ਼ਹਿਰ ਦੀ ਸਾਦਿਕ ਰੋਡ ਸਭ ਤੋਂ ਮਹੱਤਵ ਪੂਰਨ ਅਤੇ ਬੇਹੱਦ ਆਵਾਜਾਈ ਵਾਲੀ ਸੜਕ ਮੰਨੀ ਜਾਂਦੀ ਹੈ। ਇਸੇ ਸੜਕ ’ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਅਤੇ ਹਸਪਤਾਲ, ਬਾਲ ਸੁਧਾਰ ਘਰ, ਬਾਬਾ ਫਰੀਦ ਯੂਨੀਵਰਸਿਟੀ, ਮੈਡੀਕਲ ਕੈਂਪਸ, ਲੜਕੀਆਂ ਦਾ ਹੋਸਟਲ, ਬੈਂਕ ਅਤੇ ਕਈ ਹੋਰ ਮਹੱਤਵ ਪੂਰਨ ਅਦਾਰੇ ਸਥਿਤ ਹਨ। ਇਹ ਸੜਕ ਕਈ ਦਰਜਨ ਪਿੰਡਾਂ ਨੂੰ ਵੀ ਜੋੜਦੀ ਹੈ। ਇਹੀ ਸੜਕ ਫੌਜ ਦੀ ਛਾਉਣੀ ਨੂੰ ਜਾਣ ਵਾਲਾ ਵੀ ਮੁੱਖ ਰਸਤਾ ਹੈ।
ਸੜਕ ਦਾ ਮੌਕਾ ਮੁਆਇਨਾ ਕਰਨ ਸਮੇਂ ਟਰੱਸਟ ਆਗੂ। |
ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜੀਵ ਸੂਦ ਦੀ ਰਿਹਾਇਸ਼ ਵੀ ਇਸੇ ਸੜਕ ਦੇ ਬਿਲਕੁਲ ਨਜ਼ਦੀਕ ਹੈ। ਇਸ ਸੜਕ ਤੋਂ ਯੂਨੀਵਰਸਿਟੀ ਦੇ ਕਰਮਚਾਰੀਆਂ, ਡਾਕਟਰਾਂ, ਐਬੂਲੈਂਸਾਂ, ਮਰੀਜਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਗੱਡੀਆਂ ਸਮੇਤ ਕਈ ਹਜ਼ਾਰਾਂ ਦੀ ਗਿਣਤੀ ਵਿਚ ਹੋਰ ਵਹੀਕਲਾਂ ਦੀ ਆਵਾਜਾਈ ਰਹਿੰਦੀ ਹੈ। ਮਿਲਟਰੀ ਦੀਆਂ ਗੱਡੀਆਂ ਵੀ ਇਸੇ ਸੜਕ ਰਾਹੀਂ ਗੁਜ਼ਰਦੀਆਂ ਹਨ। ਇਸ ਸੜਕ ’ਤੇ ਸੀਵਰੇਜ ਪੈਣ ਕਾਰਨ ਇਸ ਸੜਕ ਨੂੰ ਵਰਤਣ ਵਾਲੇ ਲੋਕਾਂ ਨੇ ਕਈ ਸਾਲ ਤੱਕ ਨਰਕ ਭੋਗਿਆ ਸੀ। ਨਵੀਂ ਬਣੀ ਇਹ ਸੜਕ ਵੀ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਜਾ ਰਹੀ ਹੈ। ਦਿਵਾਲੀ ਤੋਂ ਕੁਝ ਦਿਨ ਪਹਿਲਾਂ ਇਹ ਸੜਕ ਗੰਦੇ ਨਾਲੇ ਦੇ ਨੇੜੇ ਜਮੀਨ ਵਿਚ ਧੱਸ ਗਈ ਸੀ। ਕਈ ਦਿਨਾਂ ਬਾਅਦ ਕੱਲ ਇਸ ਉਪਰ ਮਿੱਟੀ ਪਾ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਗਈ ਹੈ। ਹਲਕਾ ਵਿਧਾਇਕ ਦੀ ਰਿਹਾਇਸ਼ ਦੇ ਨੇੜੇ ਵੀ ਇਹ ਸੜਕ ਲੰਮੇ ਸਮੇਂ ਤੋਂ ਅਧੂਰੀ ਪਈ ਹੈ ਅਤੇ ਪੂਰੀ ਹੋਣ ਦੀ ਉਡੀਕ ’ਚ ਹੈ। ਹੁਣ ਮੈਡੀਕਲ ਕਾਲਿਜ ਅਤੇ ਹਸਪਤਾਲ ਦੇ ਕੋਲ ਇਹ ਸੜਕ ਜ਼ਮੀਨ ਵਿਚ ਧੱਸਣੀ ਸ਼ੁਰੂ ਹੋ ਗਈ ਹੈ। ਸੜਕ ਵਿੱਚ ਦਰਾਰ ਪੈ ਚੁੱਕੀ ਹੈ। ਇਹ ਸੜਕ ਕਿਸੇ ਵੇਲੇ ਵੀ ਪੂਰੀ ਤਰ੍ਹਾਂ ਜਮੀਨ ਵਿੱਚ ਧੱਸ ਸਕਦੀ ਹੈ ਤੇ ਕੋਈ ਅਣਹੋਣੀ ਵਾਪਰ ਸਕਦੀ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ, ਜ਼ਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਅਤੇ ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ ’ਤੇ ਆਧਾਰਿਤ ਉਚ ਪੱਧਰ ਵਫ਼ਦ ਨੇ ਸੜਕ ਦਾ ਮੌਕਾ ਮੁਆਇਨਾ ਕੀਤਾ। ਟਰੱਸਟ ਆਗੂਆਂ ਨੇ ਇਸ ਮੌਕੇ ’ਤੇ ਕਿਹਾ ਕਿ ਜੇ ਸਮਾਂ ਰਹਿੰਦੇ ਇਸ ਸੜਕ ਦੀ ਮੁਰੰਮਤ ਨਾ ਕਰਵਾਈ ਗਈ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਸ਼ਾਇਦ ਪ੍ਰਸ਼ਾਸਨ ਨੂੰ ਇਸੇ ਦਾ ਇੰਤਜਾਰ ਹੈ। ਟਰੱਸਟ ਆਗੂਆਂ ਨੇ ਪ੍ਰਸ਼ਾਸਨ ਤੋਂ ਤੁੰਰਤ ਇਸ ਸੜਕ ਦੀ ਮੁਰੰਮਤ ਕਰਵਾਉਣ ਅਤੇ ਤੁਰੰਤ ਹੀ ਇਥੇ ਡਿਸਪਲੇਅ ਬੋਰਡ ਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਰਾਹਗੀਰ ਸੁਚੇਤ ਹੋ ਸਕਣ।