ਪੰਜਾਬ ਪੁਲਿਸ ਨੇ 40 ਕਿਲੋਮੀਟਰ ਤੱਕ ਕੀਤਾ ਪਿੱਛਾ, ਉਪਰੰਤ ਕਾਬੂ
ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਗ੍ਰਿਫਤਾਰ ਤਸਕਰ ਦੇ ਗਿੱਟੇ ’ਤੇ ਵੱਜੀ ਸੱਟ : ਡੀਜੀਪੀ ਗੌਰਵ ਯਾਦਵ
ਚੰਡੀਗੜ੍ਹ/ਤਰਨਤਾਰਨ, 5 ਨਵੰਬਰ (BTTNEWS)- ਪੰਜਾਬ ਪੁਲਿਸ ਨੇ ਭਾਰਤ-ਪਾਕਿ ਸਰਹੱਦ ’ਤੇ 40 ਕਿਲੋਮੀਟਰ ਤੱਕ ਪਿੱਛਾਂ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 2 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ ਅਰਸ਼ ਵਾਸੀ ਪਿੰਡ ਨੂਰਪੁਰ, ਫਿਰੋਜ਼ਪੁਰ ਅਤੇ ਰਾਜਪ੍ਰੀਤ ਸਿੰਘ ਉਰਫ ਰਾਜ ਵਾਸੀ ਪਿੰਡ ਮਾਲੋਕੇ, ਫਿਰੋਜ਼ਪੁਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ 2 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਉਹ ਐਸਯੂਵੀ ਮਹਿੰਦਰਾ ਸਕਾਰਪੀਓ ਕਾਰ ਵੀ ਬਰਾਮਦ ਕੀਤੀ ਹੈ, ਜਿਸ ਵਿੱਚ ਉਕਤ ਸਫ਼ਰ ਕਰ ਰਹੇ ਸਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਹੈਰੋਇਨ ਦੀ ਤਸਕਰੀ ਸਬੰਧੀ ਗੁਪਤ ਸੂਚਨਾਵਾਂ ਦੇ ਆਧਾਰ ’ਤੇ ਤਰਨਤਾਰਨ ਪੁਲਿਸ ਨੇ ਭਿੱਖੀਵਿੰਡ ਨੇੜੇ ਤੋਂ ਸਕਾਰਪੀਓ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਸਮੁੱਚੀ ਜ਼ਿਲ੍ਹਾ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਪੂਰੀ ਮੁਸਤੈਦੀ ਨਾਲ, ਵਿਸ਼ੇਸ਼ ਨਾਕਾਬੰਦੀ ਕਰਕੇ ਜ਼ਿਲ੍ਹੇ ਦੇ ਸਾਰੇ ਬਾਹਰੀ ਰਸਤਿਆਂ ਨੂੰ ਸੀਲ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਭਿੱਖੀਵਿੰਡ ਤੋਂ ਚੋਹਲਾ ਸਾਹਿਬ ਤੱਕ 40 ਕਿਲੋਮੀਟਰ ਤੱਕ ਚੱਲੀ ਤਣਾ-ਤਣੀ ( ਭੱਜ-ਦੌੜ), ਉਸ ਸਮੇਂ ਆ ਨਿੱਬੜੀ, ਜਦੋਂ ਉਕਤ ਤਸਕਰ ਐਸ.ਐਚ.ਓ ,ਚੋਹਲਾ ਸਾਹਿਬ ਵੱਲੋਂ ਲਗਾਏ ਗਏ ਨਾਕੇ ਨੂੰ ਉਲੰਘ ਨਾ ਸਕੇ ਅਤੇ ਪੁਲਿਸ ਟੀਮਾਂ ਵੱਲੋਂ ਉਨ੍ਹਾਂ ਨੂੰ ਸਕਾਰਪੀਓ ਕਾਰ ਚੋਂ ਬਰਾਮਦ ਹੋਈ 2 ਕਿਲੋ ਹੈਰੋਇਨ ਸਮੇਤ ਕਾਬੂ ਕਰ ਲਿਆ ਗਿਆ। ਪੁਲਿਸ ਤੋਂ ਬਚਣ ਲਈ ਚੱਲਦੀ ਕਾਰ ਤੋਂ ਛਾਲ ਮਾਰਨ ਦੀ ਨਾਕਾਮ ਕੋਸ਼ਿਸ਼ ਕਰਦੇ ਹੋਏ ਮੁਲਜ਼ਮਾਂ ਵਿੱਚੋਂ ਇੱਕ ਦੋਸ਼ੀ ਦੇ ਗਿੱਟੇ ’ਤੇ ਸੱਟ ਵੱਜ ਗਈ।
ਹੋਰ ਵੇਰਵੇ ਨੂੰ ਸਾਂਝਾ ਕਰਦੇ ਹੋਏ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਤਰਨਤਾਰਨ ਅਸ਼ਵਨੀ ਕਪੂਰ ਨੇ ਦੱਸਿਆ ਕਿ ਇਸ ਮਾਡਿਊਲ ਵਿੱਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਆਸ ਹੈ।