ਵਰਕਰਾਂ ਦੀਆਂ ਮੰਗਾਂ ਸਬੰਧੀ ਵਿਭਾਗ ਦੇ ਡਾਇਰੈਕਟਰ ਨਾਲ ਆਂਗਣਵਾੜੀ ਯੂਨੀਅਨ ਦੇ ਵਫ਼ਦ ਦੀ ਮੀਟਿੰਗ

BTTNEWS
0

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹਾਂ ਸਮੇਂ ਸਿਰ ਰੈਗੂਲਰ ਮਿਲਣਗੀਆਂ: ਸ਼ੀਨਾ ਅਗਰਵਾਲ

 ਚੰਡੀਗੜ੍ਹ , 29 ਨਵੰਬਰ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਡਾਇਰੈਕਟਰ ਸ਼ੀਨਾ ਅਗਰਵਾਲ ਨਾਲ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੇ ਮਸਲਿਆਂ ਸੰਬੰਧੀ ਚੰਡੀਗੜ੍ਹ ਵਿਖੇ ਮੁੱਖ ਦਫਤਰ ਵਿੱਚ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ । 

ਆਂਗਣਵਾੜੀ ਯੂਨੀਅਨ ਦੇ ਵਫ਼ਦ ਦੀ, ਵਰਕਰਾਂ ਦੀਆਂ ਮੰਗਾਂ ਸਬੰਧੀ ਵਿਭਾਗ ਦੀ ਡਾਇਰੈਕਟਰ ਨਾਲ ਮੀਟਿੰਗ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਵਫ਼ਦ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਵਿਭਾਗ ਦੀ ਡਾਇਰੈਕਟਰ ਸ਼ੀਨਾ ਅਗਰਵਾਲ ਨਾਲ ਮੀਟਿੰਗ ਕਰਦਾ ਹੋਇਆ ।

      ਉਕਤ ਜਾਣਕਾਰੀ ਦਿੰਦਿਆਂ ਹਰਗੋਬਿੰਦ ਕੌਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਵਿਸਥਾਰਪੂਰਵਕ ਢੰਗ ਨਾਲ ਵਰਕਰਾਂ ਤੇ ਹੈਲਪਰਾਂ ਦੀਆਂ ਤਨਖਾਹਾਂ ਅਤੇ ਹੋਰ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ । ਉਹਨਾਂ ਵਿਚੋਂ ਕਈ ਮੰਗਾਂ ਦਾ ਹੱਲ ਹੋਇਆ ਜਦੋਂ ਕਿ ਕੁੱਝ ਮੰਗਾਂ ਬਾਰੇ ਫਾਈਲਾਂ ਪੰਜਾਬ ਸਰਕਾਰ ਨੂੰ ਭੇਜੀਆਂ ਹੋਈਆਂ ਹਨ । 

        ਵਿਭਾਗ ਦੀ ਡਾਇਰੈਕਟਰ ਸ਼ੀਨਾ ਅਗਰਵਾਲ ਨੇ ਕਿਹਾ ਕਿ ਮੁੱਖ ਵਿਭਾਗ ਵਿੱਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹਾਂ ਸਮੇਂ ਸਿਰ ਰੈਗੂਲਰ ਮਿਲਣਗੀਆਂ। ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਆ ਗਿਆ ਹੈ ਤੇ ਉਹ ਹੇਠਾਂ ਬਲਾਕਾਂ ਵਿੱਚ ਭੇਜ ਦਿੱਤਾ ਗਿਆ ਹੈ । ਫਲੈਕਸੀ ਫੰਡ ਅਤੇ ਵਰਦੀ ਭੱਤੇ ਵਾਲੀਆਂ ਫਾਈਲਾਂ ਪਰੋਸੈਸ ਵਿੱਚ ਹਨ ਤੇ ਹਫ਼ਤੇ ਦਸ ਦਿਨ ਤੱਕ ਇਹ ਪੈਸੇ ਆ ਜਾਣਗੇ । ਜਦੋਂ ਕਿ ਮੋਬਾਈਲ ਭੱਤਾ ਅਤੇ ਸੀ ਬੀ ਈ ਦੇ ਪੈਸਿਆਂ ਦਾ ਬੱਜਟ ਅਜੇ ਤੱਕ ਨਹੀਂ ਆਇਆ ਤੇ ਇਸ ਲਈ ਸਰਕਾਰ ਕੋਲੋ ਮੰਗ ਕੀਤੀ ਹੋਈ ਹੈ । 

       ਉਹਨਾਂ ਕਿਹਾ ਕਿ ਸਮਾਜ ਭਲਾਈ ਬੋਰਡ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤਾ ਇਸ ਕਰਕੇ ਨਹੀਂ ਮਿਲਿਆ ਕਿ ਇਹ ਪੰਜੇ ਬਲਾਕ ਮੁੱਖ ਵਿਭਾਗ ਵਿੱਚ ਮਰਜ਼ ਹੋ ਗਏ ਹਨ । ਉਹਨਾਂ ਦਾ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਇਹਨਾਂ ਵਰਕਰਾਂ ਤੇ ਹੈਲਪਰਾਂ ਨੂੰ ਰੈਗੂਲਰ ਮਾਣ ਭੱਤਾ ਮਿਲੇਗਾ । ਇਸੇ ਤਰ੍ਹਾਂ ਬਾਲ ਭਲਾਈ ਕੌਂਸਲ ਦੇ ਤਿੰਨ ਬਲਾਕਾਂ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਜਿੰਨਾ ਦਾ 9 ਮਹੀਨਿਆਂ ਦਾ ਸਟੇਟ ਫੰਡ ਬਾਕੀ ਹੈ ਉਹਨਾਂ ਦੀ ਪ੍ਰਵਾਨਗੀ ਲਈ ਫਾਈਲ ਪੰਜਾਬ ਸਰਕਾਰ ਦੇ ਕੋਲ ਭੇਜੀ ਹੋਈ ਹੈ । ਇਸੇ ਤਰ੍ਹਾਂ ਵਰਕਰਾਂ ਤੇ ਹੈਲਪਰਾਂ ਨੂੰ ਮੈਡੀਕਲ ਛੁੱਟੀ ਵਾਲੀ ਫਾਈਲ ਵੀ ਪੰਜਾਬ ਸਰਕਾਰ ਦੇ ਕੋਲ ਭੇਜੀ ਗਈ ਹੈ । 

      ਡਾਇਰੈਕਟਰ ਨੇ ਇਹ ਵੀ ਸਪਸ਼ਟ ਕੀਤਾ ਕਿ 3 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਖਾਣਾ ਆਂਗਣਵਾੜੀ ਸੈਂਟਰਾਂ ਰਾਹੀਂ ਹੀ ਦਿੱਤਾ ਜਾਵੇਗਾ । ਇਹ ਰਾਸ਼ਨ ਬੱਚਿਆਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ ।

        ਇਸ ਮੀਟਿੰਗ ਵਿੱਚ ਵਿਭਾਗ ਵੱਲੋਂ ਸੁਖਦੀਪ ਸਿੰਘ , ਅਮਰਜੀਤ ਸਿੰਘ ਕੋਰੇ , ਅਮਰਜੀਤ ਸਿੰਘ ਭੁੱਲਰ (ਤਿੰਨੇ ਡਿਪਟੀ ਡਾਇਰੈਕਟਰ) , ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸਤਵੰਤ ਕੌਰ ਭੋਗਪੁਰ , ਜਸਵੀਰ ਕੌਰ ਦਸੂਹਾ , ਬਲਵਿੰਦਰ ਕੌਰ ਅਤੇ ਹਰਭਜਨ ਕੌਰ ਮੌਜੂਦ ਸਨ ।

Post a Comment

0Comments

Post a Comment (0)