- ਡਾਇਰੈਕਟਰ ਸ਼ੀਨਾ ਅਗਰਵਾਲ ਨੇ ਜਲਦੀ ਤਨਖਾਹਾਂ ਵਰਕਰਾਂ ਤੇ ਹੈਲਪਰਾਂ ਦੇ ਖਾਤਿਆਂ ਵਿੱਚ ਪਾਉਣ ਲਈ ਭਰੀ ਹਾਮੀ -
ਚੰਡੀਗੜ੍ਹ , 7 ਨਵੰਬਰ (ਸੁਖਪਾਲ ਸਿੰਘ ਢਿੱਲੋਂ)- ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ ਲੰਮੇ ਸਮੇਂ ਤੋਂ ਰੁਕੀਆਂ ਹੋਈਆਂ ਤਨਖਾਹਾਂ ਦੇ ਮਸਲੇ ਸਬੰਧੀ ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਡਾਇਰੈਕਟਰ ਮੈਡਮ ਸ਼ੀਨਾ ਅਗਰਵਾਲ ਮਿਲੇ ਤੇ ਉਹਨਾਂ ਨੂੰ ਵਰਕਰਾਂ ਤੇ ਹੈਲਪਰਾਂ ਦੇ ਮਸਲਿਆਂ ਬਾਰੇ ਜਾਣੂ ਕਰਵਾਇਆ ।
ਹਰਗੋਬਿੰਦ ਕੌਰ ਨੇ ਦੱਸਿਆ ਕਿ ਬਾਲ ਭਲਾਈ ਕੌਂਸਲ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ 9 ਮਹੀਨਿਆਂ ਅਤੇ ਸਮਾਜ ਭਲਾਈ ਬੋਰਡ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਲਗਭਗ 6 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ । ਜਿਸ ਕਰਕੇ ਉਹਨਾਂ ਨੂੰ ਔਖਾ ਹੋਇਆ ਪਿਆ ਹੈ । ਇਸੇ ਤਰ੍ਹਾਂ ਮੁੱਖ ਵਿਭਾਗ ਵਿੱਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ 2 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ । ਇਸੇ ਤਰ੍ਹਾਂ ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਨਹੀਂ ਮਿਲਿਆ ਤੇ ਲੰਮਾ ਸਮਾਂ ਬੀਤ ਚੁੱਕਾ ਹੈ । ਵਰਦੀ ਭੱਤਾ ਵੀ ਨਹੀਂ ਮਿਲਿਆ ਅਤੇ ਪੋਸ਼ਣ ਅਭਿਆਨ ਦੇ ਇਕ ਸਾਲ ਦੇ ਪੈਸੇ ਜੋ ਇਕ ਵਰਕਰ ਦੇ ਕਰੀਬ 6 ਹਜ਼ਾਰ ਰੁਪਏ ਬਣਦੇ ਹਨ ਵੀ ਨਹੀਂ ਮਿਲੇ ।
ਯੂਨੀਅਨ ਪ੍ਰਧਾਨ ਦੀ ਗੱਲ ਸੁਣਨ ਤੋਂ ਬਾਅਦ ਵਿਭਾਗ ਦੀ ਡਾਇਰੈਕਟਰ ਸ਼ੀਨਾ ਅਗਰਵਾਲ ਨੇ ਕਿਹਾ ਕਿ ਬਾਲ ਭਲਾਈ ਕੌਂਸਲ ਅਤੇ ਸਮਾਜ ਭਲਾਈ ਬੋਰਡ ਵਾਲੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਸੈਂਟਰ ਵਾਲੇ ਪੈਸੇ ਜ਼ਿਲਾ ਪ੍ਰੋਗਰਾਮ ਅਫ਼ਸਰਾਂ ਨੂੰ ਭੇਜ ਦਿੱਤੇ ਗਏ ਹਨ ਅਤੇ ਜਲਦੀ ਹੀ ਉਹਨਾਂ ਨੂੰ ਮਿਲ ਜਾਣਗੇ । ਜਦੋਂ ਕਿ ਪੰਜਾਬ ਸਰਕਾਰ ਵਾਲੇ ਪੈਸਿਆਂ ਦੀ ਫਾਈਲ ਪੰਜਾਬ ਸਰਕਾਰ ਦੇ ਕੋਲ ਹੈ ਅਤੇ ਇਕ ਦੋ ਦਿਨਾਂ ਵਿੱਚ ਪਾਸ ਕਰਵਾ ਕੇ ਇਹ ਪੈਸੇ ਵੀ ਭੇਜ ਦਿੱਤੇ ਜਾਣਗੇ । ਉਹਨਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਅਤੇ ਵਰਦੀ ਭੱਤੇ ਦਾ ਫੰਡ ਵੀ ਆ ਗਿਆ ਹੈ ਤੇ ਸੀ ਡੀ ਪੀ ੳ ਦਫ਼ਤਰਾਂ ਵਿੱਚ ਜਲਦੀ ਭੇਜ ਰਹੇ ਹਾਂ ।
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਹੋਰ ਮੰਗਾਂ ਬਾਰੇ ਗੱਲਬਾਤ ਕਰਨ ਲਈ ਸਮਾਂ ਮੰਗਣ ਤੇ ਡਾਇਰੈਕਟਰ ਨੇ ਕਿਹਾ ਕਿ ਜਲਦੀ ਹੀ ਯੂਨੀਅਨ ਦੀਆਂ ਆਗੂਆਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਸਾਰੇ ਮਸਲਿਆਂ ਦਾ ਹੱਲ ਕੱਢਿਆ ਜਾਵੇਗਾ ।