ਦੇਸ਼ ਭਰ ਵਿਚੋਂ 750 ਪਿੰਡਾਂ ਨੇ ਕੀਤਾ ਸੀ ਅਪਲਾਈ
ਸ੍ਰੀ ਮੁਕਤਸਰ ਸਾਹਿਬ, 02 ਅਕਤੂਬਰ (BTTNEWS)- ਪੰਜਾਬ ਟੂਰਜਿਮ ਵਿਭਾਗ ਵੱਲੋਂ ਰਜਿਸਟਰਡ ਉਕਤ ਕੋਠੀ ਨੇ ਕੋਈ ਹਫਤਾ ਕੁ ਪਹਿਲਾਂ ਹੀ ਦੇਸ਼ ਭਰ ਦੇ ਸਭ ਤੋਂ ਵਧੀਆ ਪੇਂਡੂ ਵਿਰਾਸਤੀ ਸਥਾਨਾਂ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਜਿਕਰਯੋਗ ਹੈ ਕਿ ਇਸ ਮੰਤਵ ਲਈ ਦੇਸ਼ ਭਰ ਵਿਚੋਂ 750 ਪਿੰਡਾਂ ਨੇ ਅਪਲਾਈ ਕੀਤਾ ਸੀ। ਸੰਨ 1836 ਵਿਚ ਸ੍ਰ. ਨਰਾਇਣ ਸਿੰਘ ਵੱਲੋਂ ਬਣਵਾਈ ਗਈ ਇਸ ਕੋਠੀ ਦੀ ਉਹਨਾਂ ਦੀ ਚੌਥੀ ਪੀੜੀ ਵਿਚੋਂ ਸਤਵੰਤ ਕੌਰ ਅਤੇ ਉਹਨਾਂ ਦੀਆਂ ਬੇਟੀਆਂ ਗੁਰਸਿਮਰਨ ਕੌਰ ਤੇ ਗੀਤਾ ਮੌਜੂਦਾ ਮਾਲਕ ਹਨ। ਗੁਰਸਿਮਰਨ ਕੌਰ ਕੋਠੀ ਦੀ ਦੇਖ ਭਾਲ ਅਤੇ ਸਾਂਭ-ਸੰਭਾਲ ਦਾ ਕੰਮ ਕਰਦੇ ਹਨ, ਜਦੋਂ ਕਿ ਉਹਨਾਂ ਦੀ ਛੋਟੀ ਭੈਣ ਗੀਤਾ ਪਿੰਡ ਵਿਚ ਸੈਲਫ ਹੈਲਫ ਗਰੁਪ ਚਲਾ ਕੇ ਔਰਤਾਂ ਅਤੇ ਲੜਕੀਆਂ ਨੂੰ ਸਵੈ ਰੁਜਗਾਰ ਸੰਪਨ ਬਣਾ ਰਹੀਆਂ ਹਨ। ਗੱਲਬਾਤ ਦੌਰਾਨ ਸਿਮਰਨ ਕੌਰ ਨੇ ਦੱਸਿਆ ਕਿ ਉਹਨਾਂ ਦੇ ਸਾਰੇ ਪਰਿਵਾਰ ਨੂੰ ਇਸ ਕੋਠੀ ਨਾਲ ਬੇਹੱਦ ਲਗਾਵ ਹੈ ਅਤੇ ਆਪਣੇ ਪੁਰਖਿਆ ਦੀ ਇਸ ਕੀਮਤੀ ਨਿਸ਼ਾਨੀ ਨੂੰ ਸਾਂਭ ਕੇ ਰੱਖਣਗੇ।
ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਸੰਸਥਾਪਕ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਪਰਿਵਾਰ ਸਮੇਤ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਦੀ ਇਸ ਵਿਰਾਸਤੀ ਕੋਠੀ ਦਾ ਦੌਰਾ ਕੀਤਾ। ਇਸ ਸਮੇਂ ਉਨ੍ਹਾਂ ਦੀ ਧਰਮ ਪਤਨੀ ਬਿਮਲਾ ਢੋਸੀਵਾਲ, ਸਪੁੱਤਰ ਇੰਜ. ਕੁਨਾਲ ਢੋਸੀਵਾਲ, ਨੂੰਹ ਰਾਣੀ ਪ੍ਰੋ. ਵੰਦਨਾ ਢੋਸੀਵਾਲ, ਪੋਤਰੇ ਮਾਧਵ, ਗੋਵਿੰਦ ਅਤੇ ਪੋਤਰੀ ਅਸਮਾਰਾ ਵੀ ਸ਼ਾਮਲ ਸਨ।
ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਕੋਠੀ ਅੰਦਰ ਪੁਰਾਤਨ ਵਸਤਾਂ, ਸਾਡੀ ਬੀਤੀ ਪੀਰੀ ਦੀਆਂ ਯਾਦਾਂ ਤਾਜ਼ਾ ਕਰਵਾਉਂਦੀਆਂ ਹਨ। ਵਰਣਨਯੋਗ ਹੈ ਕਿ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਲੜਨ ਸਮੇਂ ਸੰਨੀ ਦਿਉਲ ਦੀ ਰਿਹਾਇਸ਼ ਇਸੇ ਕੋਠੀ ਵਿਚ ਹੀ ਸੀ। ਢੋਸੀਵਾਲ ਨੇ ਇਹ ਵੀ ਦੱਸਿਆ ਹੈ ਕਿ ਕੋਠੀ ਵੱਲੋਂ ਦੇਸ਼ ਭਰ ਵਿਚ ਪਹਿਲਾਂ ਸਥਾਨ ਪ੍ਰਾਪਤ ਕਰਨ ਦੀ ਖ਼ੁਸ਼ੀ ਵਿਚ ਸਮੂਹ ਪਿੰਡ ਵਾਸੀਆਂ ਵੱਲੋਂ ਕੋਠੀ ਦੀ ਮਾਲਕਣ ਸਤਵੰਤ ਕੌਰ ਦਾ ਢੋਲ, ਵਾਜਿਆਂ ਅਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਪ੍ਰਧਾਨ ਢੋਸੀਵਾਲ ਨੇ ਗੱਲਬਾਤ ਦੌਰਾਨ ਸ੍ਰੀਮਤੀ ਸਤਵੰਤ ਕੌਰ ਨੂੰ ਇਸ ਵਿਰਾਸਤੀ ਕੋਠੀ ਰਾਹੀਂ ਸਮੁੱਚੇ ਪੰਜਾਬ ਨੂੰ ਦੇਸ਼ ਭਰ ਦੇ ਨਕਸ਼ੇ ’ਤੇ ਸਥਾਨ ਦਿਵਾਉਣ ਲਈ ਵਧਾਈ ਦਿੱਤੀ।