ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ (BTTNEWS)- ਅੱਖਾਂ ਦੇ ਰੋਗਾਂ ਦੇ ਮਾਹਿਰ ਤੇ ਸੂਬੇ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ 25 ਮਰੀਜਾਂ ਦੇ ਚਿੱਟੇ ਮੋਤੀਏ ਦੇ ਮੁਫ਼ਤ ਆਪ੍ਰੇਸ਼ਨ ਕਰਕੇ ਉਹਨਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ। ਜਿਕਰਯੋਗ ਹੈ ਕਿ ਬੀਤੇ ਦਿਨੀਂ ਸਥਾਨਕ ਬੱਸ ਸਟੈਂਡ ਕੋਲ ਮੌਜੂਦ “ਡਾਕਟਰ ਬਲਜੀਤ ਆਈ ਕੇਅਰ ਸੈਂਟਰ” (ਧਾਲੀਵਾਲ ਬੱਚਿਆਂ ਦਾ ਹਸਪਤਾਲ) ਵਿਖੇ ਲਗਾਏ “ਅੱਖਾਂ ਦੇ ਮੁਫ਼ਤ ਜਾਂਚ ਤੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕੈਂਪ” ਮੌਕੇ ਉਹਨਾਂ ਖੁਦ 1500 ਮਰੀਜਾਂ ਦੀ ਜਾਂਚ ਕੀਤੀ ਸੀ।
ਇਹ ਕੈਂਪ “ਰਬਾਬ ਐਜ਼ੂਕੇਸ਼ਨਲ ਵੈਲਫੇਅਰ (ਰਜਿ:)” ਤੇ “ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ)” ਦੇ ਸਹਿਯੋਗ ਸਦਕਾ ਲਾਇਆ ਗਿਆ ਸੀ। ਇਸ ਮੌਕੇ ਕੀਤੀ ਜਾਂਚ ਮੌਕੇ 100 ਲੋੜਵੰਦ ਚਿੱਟੇ ਮੋਤੀਏ ਦੇ ਮਰੀਜਾਂ ਨੂੰ ਮੁਫ਼ਤ ਆਪ੍ਰੇਸ਼ਨ ਕਰਨ ਲਈ ਚੁਣਿਆ ਗਿਆ ਸੀ। “ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ” ਅਧੀਨ ਲਾਏ ਇਸ ਮੁਫ਼ਤ ਆਪ੍ਰੇਸ਼ਨ ਕੈਂਪ ਮੌਕੇ ਸੰਕਲਪ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਆਪ੍ਰੇਸ਼ਨ ਥੀਏਟਰ ਵਿੱਚ ਕੀਤੇ ਇਹ 25 ਆਪ੍ਰੇਸ਼ਨ ਕਾਮਯਾਬੀ ਨਾਲ ਸਿਰੇ ਚੜੇ ਜਦਕਿ ਬਾਕੀ ਬਚੇ ਆਪ੍ਰੇਸ਼ਨ ਵੀ ਜਲਦੀ ਹੀ ਕੀਤੇ ਜਾਣਗੇ। ਪੱਟੀਆਂ ਖੋਲਣ ਸਮੇਂ ਡਾਕਟਰ ਬਲਜੀਤ ਕੌਰ ਨੇ ਸਾਰੇ ਮਰੀਜ਼ਾਂ ਨੂੰ ਅੱਖਾਂ ਦੀ ਸੰਭਾਲ ਤੇ ਪੂਰਾ ਚਾਨਣਾ ਪਾਇਆ, ਉਹਨਾਂ ਨੇ ਲੋਕਾਂ ਨੂੰ ਨੇਤਰਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ।
ਇਸ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਨੂੰ ਸਫਲਤਾਪੂਰਵਕ ਸਿਰੇ ਚਾੜਨ ਵਿੱਚ ਮਨਜੀਤ ਕੌਰ, ਅਰਦਾਸ ਕੌਰ , ਵਿਜੇ ਛਾਬੜਾ, ਜੇ.ਕੇ ਛਾਬੜਾ (ਭੋਲਾ), ਬਲਰਾਜ ਕੁਮਾਰ ਤੇ ਸਵ: ਮਹਿੰਦਰ ਕੁਮਾਰ ਛਾਬੜਾ ਦੇ ਨਾਲ ਨਾਲ ਰਬਾਬ ਤੇ ਸੰਕਲਪ ਸੁਸਾਇਟੀ ਸੰਸਥਾਵਾਂ ਦੇ ਵਲੰਟੀਅਰ ਦਾ ਪੂਰਾ ਸਹਿਯੋਗ ਰਿਹਾ।ਸਾਰੇ ਮਰੀਜ਼ਾਂ ਦੀ ਸਾਂਭ ਸੰਭਾਲ ਤੇ ਲੋੜੀਂਦੀ ਖੁਰਾਕ ਦਾ ਇੰਤਜ਼ਾਮ ਸੰਸਥਾਵਾਂ ਦੁਆਰਾ ਬਾਖੂਬੀ ਕੀਤਾ ਗਿਆ।
ਇਸ ਮੌਕੇ ਅਰਸ਼ਦੀਪ ਸਿੰਘ (ਪੀ.ਏ), ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ,ਚੇਅਰਪਰਸਨ ਕੁਲਵਿੰਦਰ ਕੌਰ ਬਰਾੜ, ਡਾਕਟਰ ਬਲਵੀਰ ਸਿੰਘ, ਡਾਕਟਰ ਸਿਕੰਦਰ ਸਿੰਘ, ਹਰਪ੍ਰੀਤ ਸਿੰਘ, ਮੀਨਾ ਰਾਣੀ, ਸੁਖਜੀਤ ਸਿੰਘ ਤੇ ਸਮੂਹ ਸਟਾਫ ਮੌਜੂਦ ਸੀ।