ਲੰਬੀ/ਸ੍ਰੀ ਮੁਕਤਸਰ ਸਾਹਿਬ , 8 ਅਕਤੂਬਰ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇਸਤਰੀ ਅਕਾਲੀ ਦਲ ਵੱਲੋਂ ਪਿੰਡਾਂ ਵਿੱਚ ਇਸਤਰੀ ਅਕਾਲੀ ਦਲ ਦੀਆਂ ਇਕਾਈਆਂ ਬਣਾਈਆਂ ਜਾ ਰਹੀਆਂ ਹਨ ਤੇ ਔਰਤਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ।
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਲੰਬੀ ਹਲਕੇ ਦੇ ਪਿੰਡਾਂ ਤਰਮਾਲਾ ,ਫੱਤਾ ਕੇਰਾ ਅਤੇ ਭੀਟੀਵਾਲਾ ਵਿਖੇ ਔਰਤਾਂ ਨਾਲ ਕੀਤੀਆਂ ਗਈਆਂ ਮੀਟਿੰਗਾਂ ਦੌਰਾਨ ਵੱਖ ਵੱਖ ਥਾਵਾਂ ਤੇ ਬੋਲਦਿਆਂ ਕੀਤਾ । ਇਹਨਾਂ ਪਿੰਡਾਂ ਵਿੱਚ ਇਸਤਰੀ ਵਿੰਗ ਦੀਆਂ ਨਵੀਆਂ ਇਕਾਈਆਂ ਬਣਾ ਕੇ ਅਹੁੰਦੇਦਾਰਾਂ ਦੀ ਚੋਣ ਕਰਵਾਈ ਗਈ ।
ਹਰਗੋਬਿੰਦ ਕੌਰ ਨੇ ਔਰਤਾਂ ਨੂੰ ਦੱਸਿਆ ਕਿ ਜਿੰਨੀਆਂ ਵੀ ਲੋਕ ਭਲਾਈ ਸਕੀਮਾਂ ਔਰਤਾਂ ਲਈ ਚਲਾਈਆਂ ਗਈਆਂ ਸਨ ਉਹ ਸਾਰੀਆਂ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਸਮੇਂ ਹੀ ਸ਼ੁਰੂ ਕੀਤੀਆਂ ਗਈਆਂ ਸਨ । ਜਦੋਂ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ ਪਰ ਡੇਢ ਸਾਲ ਹੋ ਗਿਆ ਉਹ ਵਾਅਦਾ ਵੀ ਸਿਰੇ ਨਹੀਂ ਚੜ੍ਹਿਆ ।
ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸਤਰੀ ਅਕਾਲੀ ਦਲ ਵੱਲੋਂ ਇਕ ਵੱਡੀ ਲਹਿਰ ਅਕਾਲੀ ਦਲ ਦੇ ਹੱਕ ਵਿੱਚ ਖੜੀ ਕੀਤੀ ਜਾਵੇਗੀ ।