- ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ , ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਕੀਤੀ ਸ਼ਮੂਲੀਅਤ -
- ਆਮ ਆਦਮੀ ਪਾਰਟੀ ਦਾ ਹਰ ਵਾਅਦਾ ਝੂਠਾ ਨਿਕਲਿਆ ਹੈ -
ਬਾਦਲ (ਸ੍ਰੀ ਮੁਕਤਸਰ ਸਾਹਿਬ) , 3 ਅਕਤੂਬਰ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਅੱਜ ਪਿੰਡ ਬਾਦਲ ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਘਰ ਔਰਤਾਂ ਦਾ ਇਕ ਵੱਡਾ ਇਕੱਠ ਕੀਤਾ ਗਿਆ । ਜਿਸ ਦੌਰਾਨ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ , ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸ਼ਮੂਲੀਅਤ ਕੀਤੀ ।
ਇਸ ਮੌਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਤੇ ਬੁਲਾਰਿਆਂ ਨੇ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹਰ ਵਰਗ ਦੇ ਲੋਕ ਝੂਠੇ ਲਾਰਿਆਂ ਤੋਂ ਔਖੇ ਹਨ ਕਿਉਂਕਿ ਆਮ ਆਦਮੀ ਪਾਰਟੀ ਦਾ ਹਰ ਵਾਅਦਾ ਝੂਠਾ ਨਿਕਲਿਆ ਹੈ ।
ਪਿੰਡ ਬਾਦਲ ਵਿਖੇ ਔਰਤਾਂ ਨਾਲ ਮੀਟਿੰਗ ਕਰਨ ਸਮੇਂ ਹਰਗੋਬਿੰਦ ਕੌਰ , ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ । |
ਇਸ ਮੀਟਿੰਗ ਵਿੱਚ ਕੁੱਝ ਔਰਤਾਂ ਬਿਜਲੀ ਦੇ ਬਿੱਲ ਨਾਲ ਲੈ ਕੇ ਆਈਆਂ ਤੇ ਉਹਨਾਂ ਨੇ 7 ਹਜ਼ਾਰ , 10 ਹਜਾਰ ਅਤੇ ਇਸ ਤੋਂ ਵੀ ਵੱਧ ਦੇ ਬਿੱਲ ਦਿਖਾਏ । ਇਹਨਾਂ ਔਰਤਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਦੇ ਰਾਜ ਵਿੱਚ ਉਹਨਾਂ ਨੂੰ ਬਿੱਲ ਨਹੀਂ ਆਉਂਦਾ ਸੀ । ਕੁੱਝ ਔਰਤਾਂ ਨੇ ਆਟਾ ਦਾਲ ਸਕੀਮ ਵਾਲੇ ਕਾਰਡ ਕੱਟਣ ਦੀ ਗੱਲ ਅਤੇ ਕੁੱਝ ਨੇ ਸ਼ਗਨ ਸਕੀਮ ਦੇ ਪੈਸੇ ਨਾ ਮਿਲਣ ਲਈ ਕਿਹਾ । ਇਸੇ ਤਰ੍ਹਾਂ ਬੁਢਾਪਾ ਪੈਨਸ਼ਨਾਂ ਕੱਟਣ ਦੇ ਮਾਮਲੇ ਵੀ ਸਾਹਮਣੇ ਆਏ ।
ਇਹਨਾਂ ਔਰਤਾਂ ਦੀਆਂ ਦੁੱਖ ਤਕਲੀਫਾਂ ਸੁਨਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ ਅਤੇ ਹਰਗੋਬਿੰਦ ਕੌਰ ਨੇ ਕਿਹਾ ਕਿ ਇਹਨਾਂ ਸਾਰੇ ਮਸਲਿਆਂ ਤੇ ਪੰਜਾਬ ਸਰਕਾਰ ਨੂੰ ਘੇਰਿਆ ਜਾਵੇਗਾ । ਉਹਨਾਂ ਕਿਹਾ ਕਿ ਵੱਡਾ ਸੰਘਰਸ਼ ਉਲੀਕਣ ਦੀ ਤਿਆਰੀ ਕੀਤੀ ਜਾ ਰਹੀ ਹੈ ।
ਹਰਗੋਬਿੰਦ ਕੌਰ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਔਰਤਾਂ ਅਕਾਲੀ ਦਲ ਦੀਆਂ ਮੈਂਬਰ ਬਣ ਰਹੀਆਂ ਹਨ । ਕਿਉਂਕਿ ਔਰਤਾਂ ਜਾਣ ਚੁੱਕੀਆਂ ਹਨ ਕਿ ਸਿਰਫ਼ ਅਕਾਲੀ ਦਲ ਹੀ ਉਹਨਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਦਾ ਹੈ ਜਦੋਂ ਕਿ ਦੂਜੀਆਂ ਪਾਰਟੀਆਂ ਤਾਂ ਝੂਠੇ ਲਾਰਿਆਂ ਵਾਲਿਆਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਪਾਰਟੀਆਂ ਹਨ ।