- ਦਾਅਵੇ ਅਤੇ ਇਤਰਾਜ 27 ਅਕਤੂਬਰ ਤੋਂ 9 ਦਸੰਬਰ ਤੱਕ ਕੀਤੇ ਜਾਣਗੇ ਪ੍ਰਾਪਤ
ਸ੍ਰੀ ਮੁਕਤਸਰ ਸਾਹਿਬ, 26 ਅਕਤੂਬਰ (BTTNEWS)- ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫਸਰ ਸ੍ਰੀ ਮੁਕਸਤਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਯੋਗਤਾ ਮਿਤੀ 01 ਜਨਵਰੀ 2024 ਦੇ ਆਧਾਰ ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਸਬੰਧ ਵਿੱਚ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 27 ਅਕਤੂਬਰ 2023 ਨੂੰ ਕੀਤੀ ਜਾਣੀ ਹੈ। ਇਹ ਵੋਟਰ ਸੂਚੀਆਂ ਜਿਲ੍ਹਾ ਚੋਣ ਦਫ਼ਤਰ, ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਅਤੇ ਬੂਥ ਲੈਵਲ ਅਫ਼ਸਰਾਂ ਪਾਸ ਆਮ ਜਨਤਾ ਦੇ ਵੇਖਣ ਲਈ ਉਪਲੱਬਧ ਹੋਵੇਗੀ।
ਦਾਅਵੇ ਅਤੇ ਇਤਰਾਜ ਦਾਇਰ ਕਰਨ ਦਾ ਸਮਾਂ 27 ਅਕਤੂਬਰ 2023 ਤੋਂ 09 ਦਸੰਬਰ 2023 ਨਿਰਧਾਰਿਤ ਕੀਤਾ ਗਿਆ ਹੈ। ਕੋਈ ਵੀ ਵਿਅਕਤੀ ਆਪਣੀ ਵੋਟ ਬਣਾਉਣ ਵਾਸਤੇ ਫਾਰਮ ਨੰ. 6 ਵਿੱਚ ਆਪਣਾ ਦਾਅਵਾ ਪੇਸ਼ ਕਰੇਗਾ।
ਵੋਟ ਕਟਵਾਉਣ ਲਈ ਫਾਰਮ ਨੰ. 7 ਅਤੇ ਵੋਟਰ ਦੇ ਵੇਰਵਿਆਂ ਵਿੱਚ ਦਰੁੱਸਤੀ ਲਈ ਫਾਰਮ ਨੰ. 8 ਭਰਿਆ ਜਾ ਸਕਦਾ ਹੈ, ਪ੍ਰਵਾਸੀ ਭਾਰਤੀਆਂ ਦੀਆਂ ਵੋਟਾਂ ਦਰਜ ਕਰਨ ਲਈ ਫਾਰਮ ਨੰਬਰ 6 ਏ ਵਰਤਿਆ ਜਾਣਾ ਹੈ।ਇਹ ਫਾਰਮ ਆਨ ਲਾਈਨ voters.eci.gov.in ਰਾਹੀਂ ਵੀ ਭਰੇ ਜਾ Voter Helpline App ਸਕਦੇ ਹਨ।
ਸਪੈਸ਼ਲ ਮੁਹਿੰਮ ਦੌਰਾਨ ਬੂਥ ਲੈਵਲ ਅਫਸਰਾਂ ਵੱਲੋਂ 04 ਨਵੰਬਰ(ਦਿਨ ਸਨਿੱਚਰਵਾਰ), 05 ਨਵੰਬਰ 2023 (ਦਿਨ ਐਤਵਾਰ) ਅਤੇ 02 ਦਸੰਬਰ (ਦਿਨ ਸਨਿੱਚਰਵਾਰ), 03 ਦਸੰਬਰ, 2023 (ਦਿਨ ਐਤਵਾਰ) ਨੂੰ ਆਮ ਜਨਤਾ ਪਾਸੋਂ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਤੇ ਬੈਠ ਕੇ ਦਾਅਵੇ ਜਾਂ ਇਤਰਾਜ਼ ਪ੍ਰਾਪਤ ਕੀਤੇ ਜਾਣਗੇ।
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਚਾਰ ਵਿਧਾਨ ਸਭਾ ਚੋਣ ਹਲਕੇ ਪੈਂਦੇ ਹਨ। ਵਿਧਾਨ ਸਭਾ ਚੋਣ ਹਲਕਾ,84-ਗਿੱਦੜਬਾਹਾ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਉਪ ਮੰਡਲ ਮੈਜਿਸਟਰੇਟ, ਗਿੱਦੜਬਾਹਾ (01637-230295), 85-ਮਲੋਟ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਉਪ ਮੰਡਲ ਮੈਜਿਸਟਰੇਟ, ਮਲੋਟ (01637-263001) ਅਤੇ 86-ਮੁਕਤਸਰ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਉਪ ਮੰਡਲ ਮੈਜਿਸਟਰੇਟ, ਸ਼੍ਰੀ ਮੁਕਤਸਰ ਸਾਹਿਬ (01633-262031) ਹਨ। ਵਿਧਾਨ ਸਭਾ ਚੋਣ ਹਲਕਾ 83- ਲੰਬੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼੍ਰੀ ਮੁਕਤਸਰ ਸਾਹਿਬ (01633-263647) ਹਨ।ਕਿਸੇ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਬੰਧ ਵਿੱਚ ਜਿਲ੍ਹਾ ਚੋਣ ਦਫ਼ਤਰ, ਸ੍ਰੀ ਮੁਕਤਸਰ ਸਾਹਿਬ ਵਿਖੇ ਸਥਾਪਿਤ ਵੋਟਰ ਹੈਲਪ ਲਾਈਨ ਨੰ: 1950 ਤੇ ਫੋਨ ਕਰਕੇ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।