- ਕੌਂਸਲਰ ਇੰਦਰਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ -
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (BTTNEWS)- ਸਥਾਨਕ ਸ਼ਹਿਰ ਦੇ ਜੰਮ ਪਲ ਜਸਪ੍ਰੀਤ ਸਿੰਘ ਧਾਲੀਵਾਲ ਨੇ ਪੀ.ਸੀ.ਐੱਸ. (ਜੂਡੀਸ਼ੀਅਲ) ਦੀ ਪ੍ਰੀਖਿਆ ਵਿੱਚ ਦਸਵਾਂ ਰੈਂਕ ਹਾਸਲ ਕਰਕੇ ਸ਼ਾਨਦਾਰ ਪ੍ਰਾਪਤੀ ਕੀਤੀ ਹੈ।
ਇਸੇ ਤਰ੍ਹਾਂ ਨੇੜਲੇ ਪਿੰਡ ਗੰਧੜ ਦੀ ਜੰਮ ਪਲ ਹੋਣਹਾਰ ਧੀ ਅਰਸ਼ਪ੍ਰੀਤ ਕੌਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਆਯੋਜਿਤ ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਵਿਚ ਸਮੁੱਚੇ ਪੰਜਾਬ ਦੀਆਂ ਲੜਕੀਆਂ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਦੋਹਾਂ ਹੋਣਹਾਰ ਨੌਜਵਾਨਾਂ ਨੇ ਸ਼ਾਨਦਾਰ ਸਫਲਤਾ ਪ੍ਰਾਪਤ ਕਰਕੇ ਆਪਣੇ ਮਾਂ-ਬਾਪ ਦੇ ਨਾਲ-ਨਾਲ ਸਮੁੱਚੇ ਇਲਾਕੇ ਦਾ ਮਾਣ ਵੀ ਵਧਾਇਆ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਨਵ ਨਿਯੁਕਤ ਜੱਜ ਅਤੇ ਨਾਇਬ ਤਹਿਸੀਲਦਾਰ ਦੇ ਮਾਣ ਤਾਣ ਲਈ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਸਥਾਨਕ ਰੇਲਵੇ ਰੋਡ ਸਥਿਤ ਪਵਨ ਹੋਟਲ ਐਂਡ ਸਵੀਟਸ ਵਿਖੇ ਹੋਏ ਇਸ ਸਮਾਰੋਹ ਦੀ ਪ੍ਰਧਾਨਗੀ ਮਿਸ਼ਨ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਕੀਤੀ। ਮੌਜੂਦਾ ਕੌਂਸਲਰ ਅਤੇ ਨੌਜਵਾਨ ਸਮਾਜ ਸੇਵਿਕਾ ਇੰਦਰਜੀਤ ਕੌਰ ਐਮ.ਸੀ. ਨੇ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਦੀਆਂ ਬੇਟੀਆਂ ਤਹਿਜੀਨ ਅਤੇ ਸ਼ਹਿਰੀਨ ਵੀ ਮੌਜੂਦ ਸਨ। ਨਵ ਨਿਯੁਕਤ ਨਾਇਬ ਤਹਿਸੀਲਦਾਰ ਅਰਸ਼ਪ੍ਰੀਤ ਕੌਰ ਦੇ ਪਿਤਾ ਦੀਪਕ ਢਿੱਲੋਂ ਅਤੇ ਭਰਾ ਗੁਰਪ੍ਰੀਤ ਢਿੱਲੋਂ ਨੇ ਵੀ ਸਮਾਰੋਹ ਵਿਚ ਉਚੇਚੇ ਤੌਰ ’ਤੇ ਸਿਰਕਤ ਕੀਤੀ। ਨਵੇਂ ਬਣੇ ਜੱਜ ਜਸਪ੍ਰੀਤ ਸਿੰਘ ਧਾਲੀਵਾਲ ਦੇ ਪਿਤਾ ਗੁਰਦੀਪ ਸਿੰਘ ਤੋਂ ਇਲਾਵਾ ਇੰਦਰਪਾਲ ਸਿੰਘ, ਕਮਲਜੀਤ ਕੌਰ, ਹਰਦੀਪ ਸਿੰਘ, ਗੁਰਸ਼ਰਨ ਕੌਰ, ਗੁਰਲੀਨ ਕੌਰ ਅਤੇ ਮੰਗਲਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਰਿਵਾਰਕ ਮੈਂਬਰ ਅਤੇ ਦੋਸਤ ਮਿੱਤਰ ਮੌਜੂਦ ਸਨ। ਮਿਸ਼ਨ ਵੱਲੋਂ ਨਵੇਂ ਬਣੇ ਜੱਜ ਅਤੇ ਨਾਇਬ ਤਹਿਸੀਲਦਾਰ ਨੂੰ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਇੰਦਰਜੀਤ ਕੌਰ ਅਤੇ ਪ੍ਰਧਾਨ ਢੋਸੀਵਾਲ ਵੱਲੋਂ ਨਵੇਂ ਬਣੇ ਜੱਜ ਅਤੇ ਨਾਇਬ ਤਹਿਸੀਲਦਾਰ ਨੂੰ ਸ਼ਾਨਦਾਰ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਨੇ ਕਿਹਾ ਕਿ ਪ੍ਰਤਿਭਾਸ਼ਾਲੀ ਵਿਅਕਤੀ ਸਮੁੱਚੇ ਸਮਾਜ ਦਾ ਮਾਣ ਹੁੰਦੇ ਹਨ। ਇਕ ਮੌਕੇ ਆਪਣੇ ਸੰਬੋਧਨ ਵਿਚ ਪ੍ਰਧਾਨ ਢੋਸੀਵਾਲ ਨੇ ਇਲਾਕੇ ਦਾ ਨਾਂਅ ਚਮਕਾਉਣ ਵਾਲੇ ਦੋਹਾਂ ਹੋਣਹਾਰ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਆਪਣੇ ਸੰਬੋਧਨ ਵਿੱਚ ਨਵੇਂ ਬਣੇ ਜੱਜ ਅਤੇ ਨਾਇਬ ਤਹਿਸੀਲਦਾਰ ਨੇ ਆਪਣੀ ਸਫਲਤਾ ਦਾ ਸਿਹਰਾ ਪ੍ਰਮਾਤਮਾ ਦੀ ਕ੍ਰਿਪਾ, ਮਾਪਿਆਂ ਦਾ ਸਹਿਯੋਗ ਅਤੇ ਅਧਿਆਪਕਾਂ ਦੀ ਮਿਹਨਤ ਦੇ ਸਿਰ ’ਤੇ ਦਿੱਤਾ। ਉਹਨਾਂ ਨੇ ਸਨਮਾਨਿਤ ਕਰਨ ਲਈ ਮਿਸ਼ਨ ਪ੍ਰਧਾਨ ਢੋਸੀਵਾਲ ਸਮੇਤ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਅੱਜ ਦੇ ਸਮਾਰੋਹ ਦੌਰਾਨ ਮਿਸ਼ਨ ਦੇ ਚੇਅਰਮੈਨ ਇੰਜ ਅਸ਼ੋਕ ਕੁਮਾਰ ਭਾਰਤੀ ਅਤੇ ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਤੋਂ ਇਲਾਵਾ ਕੈਸ਼ੀਅਰ ਡਾ. ਸੰਜੀਵ ਮਿੱਡਾ , ਡਾ. ਸੁਰਿੰਦਰ ਗਿਰਧਰ, ਜਗਦੀਸ਼ ਧਵਾਲ, ਡਾ. ਜਸਵਿੰਦਰ ਸਿੰਘ, ਰਾਮ ਸਿੰਘ ਪੱਪੀ ਸਾਬਕਾ ਕੌਂਸਲਰ, ਪ੍ਰਸ਼ੋਤਮ ਗਿਰਧਰ ਆਰ.ਏ., ਸਾਹਿਲ ਕੁਮਾਰ ਹੈਪੀ, ਅਮਰ ਨਾਥ ਸੇਰਸੀਆ, ਓ.ਪੀ. ਖਿੱਚੀ, ਬਰਨੇਕ ਸਿੰਘ, ਗੁਰਪਾਲ ਪਾਲੀ, ਰਾਜਿੰਦਰ ਖੁਰਾਣਾ, ਇਸ਼ਾਨ ਵਾਟਸ, ਨਰਿੰਦਰ ਕਾਕਾ ਫੋਟੋ ਗ੍ਰਾਫਰ ਅਤੇ ਸੁਰਜੀਤ ਸਿੰਘ ਸੰਧੂ ਆਦਿ ਮੌਜੂਦ ਸਨ। ਸਮਾਰੋਹ ਦੇ ਅੰਤ ਵਿੱਚ ਸਭਨਾਂ ਲਈ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।