ਫਰੀਦਕੋਟ, 03 ਅਕਤੂਬਰ (BTTNEWS)- ਪਿਛਲੇ ਮਹੀਨੇ ਅੰਮ੍ਰਿਤਸਰ ਵਿਖੇ ਵਿਦਿਆ ਵਿਭਾਗ ਵੱਲੋਂ ਆਯੋਜਿਤ ਅੰਤਰ ਜ਼ਿਲ੍ਹਾ ਕੁਸ਼ਤੀ ਮੁਕਾਬਲੇ ਵਿਚ ਸਥਾਨਕ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਵਿਦਿਆਰਥਣਾਂ ਨੇ ਅੰਡਰ 14 ਵਰਗ ਦੀਆਂ ਖੇਡਾਂ ਵਿਚ ਸ਼ਾਨਦਾਰ ਮੱਲਾਂ ਮਾਰੀਆਂ ਹਨ। ਇਹਨਾਂ ਖਿਡਾਰਨਾਂ ਦੀ ਮਾਣਮੱਤੀ ਪ੍ਰਾਪਤੀ ਨਾਲ ਫਰੀਦਕੋਟ ਜਿਲ੍ਹੇ ਨੂੰ ਪੰਜਾਬ ਭਰ ਵਿਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ, ਜਿਸ ਨਾਲ ਬੱਚੀਆਂ ਦੇ ਮਾਂ-ਬਾਪ ਅਤੇ ਸਕੂਲ ਦਾ ਨਾਂਅ ਰੋਸ਼ਨ ਹੋਇਆ ਹੈ। ਜਿਕਰਯੋਗ ਹੈ ਕਿ ਉਕਤ ਮੁਕਾਬਲੇ ਵਿਚ ਲੱਛਮੀ ਨੇ ਸੋਨ ਤਗਮਾ, ਏਕਤਾ ਸ਼ਰਮਾ ਅਤੇ ਹਰਪਿੰਦਰ ਕੌਰ ਦੋਹਾਂ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ। ਬੱਚੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ, ਚੀਫ਼ ਪੈਟਰਨ ਹੀਰਾਵਤੀ, ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ, ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਸਮੇਤ ਪੰਜਾਬ ਵਿੱਤ ਵਿਭਾਗ ਦੇ ਸੇਵਾ ਮੁਕਤ ਅਸਿਸਟੈਂਟ ਜੁਆਇੰਟ ਕੰਟਰੋਲਰ ਓ.ਪੀ. ਚੌਧਰੀ ਨੇ ਉਕਤ ਵਿਦਿਆਰਥਣਾਂ, ਉਹਨਾਂ ਦੇ ਮਾਪਿਆਂ, ਡੀ.ਈ.ਓ.(ਸ), ਮੇਵਾ ਸਿੰਘ, ਪ੍ਰਿੰਸੀਪਲ ਭੂਪਿੰਦਰ ਸਿੰਘ ਬਰਾੜ ਅਤੇ ਹੋਰਨਾਂ ਨੂੰ ਵਧਾਈ ਦਿਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਉਕਤ ਮੁਕਾਬਲੇ ਵਿਚ ਇਹਨਾਂ ਵਿਦਿਆਰਥਣਾਂ ਦੀ ਸ਼ਾਨਦਾਰ ਪ੍ਰਾਪਤੀ ਸਦਕਾ ਵਿਦਿਆ ਵਿਭਾਗ ਵਿਚ ਜਿਲ੍ਹੇ ਦਾ ਨਾਂਅ ਹੋਰ ਵੀ ਉੱਚਾ ਹੋ ਗਿਆ ਹੈ। ਉਕਤ ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਦੱਸਿਆ ਹੈ ਕਿ ਜਲਦੀ ਹੀ ਲਾਰਡ ਬੁੱਧਾ ਟਰੱਸਟ ਵੱਲੋਂ ਉਪਰੋਕਤ ਹੋਣਹਾਰ ਖਿਡਾਰਨਾਂ ਦਾ ਸਨਮਾਨ ਕੀਤਾ ਜਾਵੇਗਾ।