- ਵਿਚਲੀ ਗੱਲ ਦੀ ਸਮਝ ਨ੍ਹੀਂ ਆਉਂਦੀ ?
ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (BTTNEWS)- ਪਿਛਲੇ ਲੰਮੇ ਸਮੇਂ ਤੋਂ ਸਥਾਨਕ ਰੈਡ ਕਰਾਸ ਅਤੇ ਨਗਰ ਕੌਂਸਲ ਦੀਆਂ ਦੁਕਾਨਾਂ ਦੇ ਕਿਰਾਏਦਾਰ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਮੂੰਹ ਚਿੜਾ ਰਹੇ ਹਨ। ਕਿਰਾਏਦਾਰਾਂ ਵੱਲੋਂ ਸ਼ਰੇਆਮ ਰੈਂਟ ਐਗਰੀਮੈਂਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਐਗਰੀਮੈਂਟ ਮੁਤਾਬਿਕ ਇਹਨਾਂ ਦੁਕਾਨਾਂ ਮੂਹਰੇ ਬਣੇ ਵਰਾਂਡਿਆਂ ਦੀ ਕਿਸੇ ਹਾਲਤ ਵਿਚ ਵੀ ਵਰਤੋਂ ਨਹੀਂ ਹੋ ਸਕਦੀ, ਕੋਈ ਨਜਾਇਜ਼ ਕਬਜਾ ਨਹੀਂ ਕੀਤਾ ਜਾ ਸਕਦਾ। ਇਹ ਵਰਾਂਡੇ ਸਿਰਫ਼ ਆਮ ਲੋਕਾਂ ਦੀ ਸਹੂਲਤ ਲਈ ਹੀ ਬਣਾਏ ਗਏ ਹਨ। ਐਨਾ ਹੀ ਨਹੀਂ ਇਹਨਾਂ ਸਰਕਾਰੀ ਦੁਕਾਨਾਂ ਵਿਚ ਕਿਸੇ ਕਿਸਮ ਦੀ ਵੀ ਅਡਲਟ੍ਰੇਸ਼ਨ (ਭੰਨ ਤੋੜ ਜਾਂ ਘਾਟਾ ਵਾਧਾ) ਨਹੀਂ ਕੀਤਾ ਜਾ ਸਕਦਾ। ਰੈਂਟ ਐਗਰੀਮੈਂਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰ ਦਾ ਐਗਰੀਮੈਂਟ ਖਤਮ ਕਰਕੇ ਉਸ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ। ਪਰੰਤੂ ਕਈ ਦੁਕਾਨਦਾਰਾਂ ਵੱਲੋਂ ਸ਼ਰੇਆਮ ਇਸ ਐਗਰੀਮੈਂਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਵਰਾਂਡਿਆਂ ’ਤੇ ਨਜਾਇਜ਼ ਕਬਜਾ ਕਰਕੇ ਉਹਨਾਂ ਵਿਚ ਵੇਚਣ ਲਈ ਸਮਾਨ ਰੱਖਿਆ ਹੋਇਆ ਹੈ। ਐਨਾ ਹੀ ਨਹੀਂ ਸਰਕਾਰੀ ਸੜਕ ’ਤੇ ਵੀ ਨਜਾਇਜ਼ ਕਬਜ਼ਾ ਕਰਕੇ ਆਪਣਾ ਸਮਾਨ ਡਿਸਪਲੇਅ ਕੀਤਾ ਹੋਇਆ ਹੈ। ਅਜਿਹਾ ਕੀਤੇ ਜਾਣ ਨਾਲ ਟ੍ਰੈਫਿਕ ਵਿਚ ਭਾਰੀ ਵਿਘਨ ਪੈਂਦਾ ਹੈ। ਸਮਾਜ ਸੇਵੀ ਸੰਸਥਾ ਅਤੇ ਹੋਰ ਸੂਝਵਾਨ ਵਿਅਕਤੀਆਂ ਨੇ ਇਹ ਮਾਮਲਾ ਕਈ ਵਾਰ ਜਿਲ੍ਹਾ ਪ੍ਰਸ਼ਾਸਨ, ਜਿਲਾ ਰੈਡ ਕਰਾਸ ਸੁਸਾਇਟੀ ਅਤੇ ਨਗਰ ਕੌਂਸਲ ਦੇ ਧਿਆਨ ਵਿਚ ਲਿਆਂਦਾ ਹੈ, ਪਰੰਤੂ ਇਹਨਾਂ ਵੱਲੋਂ ਸਿਰਫ਼ ਕਾਗਜੀ ਖਾਨਾ ਪੂਰਤੀ ਹੀ ਕੀਤੀ ਜਾਂਦੀ ਹੈ। ਨਜਾਇਜ਼ ਕਬਜਾ ਧਾਰਨ ਦੁਕਾਨਦਾਰਾਂ ਵਿਰੁੱਧ ਕੋਈ ਠੋਸ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾਂਦੀ। ਇੰਜ ਜਾਪਦਾ ਹੈ ਜਿਵੇਂ ਇਹਨਾਂ ਦੁਕਾਨਦਾਰਾਂ ਦੀ ਪ੍ਰਸ਼ਾਸਨ ਨਾਲ ਸਿੱਧੀ ਗੱਲ ਹੋਵੇ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਪ੍ਰਸ਼ਾਸਨ ਦੀ ਢਿੱਲ ਮੱਠ ਦੀ ਨੀਤੀ ਦੀ ਪੁਰਜੋਰ ਸ਼ਬਦਾਂ ਵਿੱਚ ਅਲੋਚਨਾ ਕੀਤੀ ਹੈ। ਉਹਨਾਂ ਕਿਹਾ ਹੈ ਕਿ ਨਜਾਇਜ਼ ਕਬਜਾ ਧਾਰਕ ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਲਾਪ੍ਰਵਾਹੀ ਪ੍ਰਸ਼ਾਸਨ ਨਾਲ ਮਿਲੀ ਭੁਗਤ ਹੈ ਜਾਂ ਸੀਨਾ ਜੋਰੀ, ਵਿਚਲੀ ਗੱਲ ਦੀ ਸਮਝ ਨਹੀਂ ਆਉਂਦੀ? ਪ੍ਰਧਾਨ ਢੋਸੀਵਾਲ ਨੇ ਜਿਲ੍ਹਾ ਪ੍ਰਸ਼ਾਸਨ, ਜਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਨਗਰ ਕੌਂਸਲ ਨੂੰ ਇਸ ਮਾਮਲੇ ਵਿਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ ਅਤੇ ਰੈਂਟ ਐਗਰੀਮੈਂਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਦੀ ਅਪੀਲ ਕੀਤੀ ਹੈ।