- ਪੰਦਰਾਂ ਫੁੱਟ ਡੂੰਘੇ ਛੱਪੜ ਨੂੰ ਦਿੱਤਾ ਸ਼ਾਨਦਾਰ ਰੂਪ -
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (BTTNEWS)-ਸਮਾਜ ਵਿਚ ਕੁਝ ਵਿਅਕਤੀ ਦੁਨੀਆ ਦੇ ਮਹਾਨ ਵਿਦਵਾਨ ਦੇਸ਼ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਅਤੇ ਮਿਸ਼ਨ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਫੈਲਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹਨ। ਅਜਿਹੇ ਲੋਕਾਂ ਨੇ ਡਾ. ਅੰਬੇਡਕਰ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣਾ ਹੀ ਆਪਣਾ ਪਰਮ ਧਰਮ ਮੰਨਿਆ ਹੋਇਆ ਹੈ। ਸਥਾਨਕ ਬੁੱਧ ਵਿਹਾਰ ਨਿਵਾਸੀ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਇਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਫਗਵਾੜਾ ਸ਼ਹਿਰ ਦੇ ਹਦੀਆਬਾਦ ਇਲਾਕੇ ਵਿਚ ਸ਼ਾਨਦਾਰ ਡਾ. ਅੰਬੇਡਕਰ ਪਾਰਕ ਬਣਾਇਆ ਹੋਇਆ ਹੈ। ਇਸ ਪਾਰਕ ਵਿਚ ਕੌਮ ਦੇ ਮਹਾਨ ਰਹਿਬਰਾਂ ਦੇ ਆਦਮ ਕੱਦ ਬੁੱਤ ਲਗਾਏ ਗਏ ਹਨ। ਪਾਰਕ ਅੰਦਰ ਵੱਡੀ ਲਾਇਬ੍ਰੇਰੀ ਵੀ ਸਥਾਪਤ ਕੀਤੀ ਗਈ ਹੈ। ਜਿਸ ਵਿਚ ਅੰਬੇਡਕਰ ਮਿਸ਼ਨ ਅਤੇ ਇਤਿਹਾਸ ਨਾਲ ਸਬੰਧਤ ਹਜ਼ਾਰਾਂ ਦੀ ਗਿਣਤੀ ਵਿਚ ਪੁਸਤਕਾਂ ਰੱਖੀਆਂ ਹੋਈਆਂ ਹਨ। ਇਹਨਾਂ ਪੁਸਤਕਾਂ ਨੂੰ ਕਈ ਵਿਅਕਤੀ ਹਰ ਰੋਜ ਪੜ੍ਹ ਕੇ ਆਪਣਾ ਗਿਆਨ ਵਧਾਉਂਦੇ ਹਨ। ਪਾਰਕ ਅੰਦਰ ਮੁਫਤ ਇੰਗਲਿਸ਼ ਸਪੀਕਿੰਗ ਕੋਰਸ ਅਤੇ ਆਇਲਿਟਸ ਸੈਂਟਰ ਵੀ ਖੋਲ੍ਹਿਆ ਹੋਇਆ ਹੈ, ਜਿਥੇ ਲੋੜਵੰਦ ਵਿਦਿਆਰਥੀ ਸਿਖਲਾਈ ਪ੍ਰਾਪਤ ਕਰਦੇ ਹਨ। ਇਸੇ ਪਾਰਕ ਵਿਚ ਕਮਿਊਨਿਟੀ ਸੈਂਟਰ ਦੀ ਉਸਾਰੀ ਵੀ ਚੱਲ ਰਹੀ ਹੈ। ਇਸ ਉਸਾਰੀ ਅਧੀਨ ਸੈਂਟਰ ਵਿਚ ਟੈਂਟ ਵਗੈਰਾ ਲਗਾ ਕੇ ਆਮ ਜਨਤਾ ਆਪਣੇ ਘਰੇਲੂ ਸਮਾਰੋਹ ਕਰਦੀ ਹੈ। ਪ੍ਰਧਾਨ ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਉਨ੍ਹਾਂ ਦੇ ਦੌਰੇ ਦੌਰਾਨ ਇਸ ਪਾਰਕ ਨੂੰ ਬਨਾਉਣ ਵਿਚ ਸਭ ਤੋਂ ਮਹੱਤਵ ਪੂਰਨ ਰੋਲ ਅਦਾ ਕਰਨ ਵਾਲੇ ਮੌਜੂਦਾ ਕੌਂਸਲਰ ਰਮੇਸ਼ ਕੌਲ ਅਤੇ ਉਨ੍ਹਾਂ ਦੀ ਧਰਮ ਪਤਨੀ ਨਗਰ ਕੌਂਸਲ ਦੀ ਸਾਬਕਾ ਉਪ ਪ੍ਰਧਾਨ ਸੀਤਾ ਕੌਲ ਨੇ ਦੱਸਿਆ ਕਿ ਇਸ ਪਾਰਕ ਵਾਲੀ ਜਗ੍ਹਾ ’ਤੇ ਪੰਦਰਾਂ ਫੁੱਟ ਡੂੰਘਾ ਛੱਪੜ ਹੁੰਦਾ ਸੀ। ਉਨ੍ਹਾਂ ਨੇ ਨਗਰ ਕੌਂਸਲ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਇਸ ਛੱਪੜ ਵਿਚ ਮਿੱਟੀ ਪੁਆਈ ਅਤੇ ਇਹ ਪਾਰਕ ਸਥਾਪਤ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਸਮਾਜ ਦੇ ਐਨ.ਆਰ.ਆਈ. ਸਹਿਯੋਗੀ ਸੱਜਣਾਂ ਵੱਲੋਂ ਦਿਤੀ ਸਹਾਇਤਾ ਨਾਲ ਪਾਰਕ ਅੰਦਰ ਬਣਾਏ ਗਏ ਆਦਮ ਕੱਦ ਬੁੱਤ, ਇਸਦੀ ਸ਼ਾਨਦਾਰ ਦਿੱਖ ਅਤੇ ਹੋਰ ਉਸਾਰੀ ਕੀਤੀ ਗਈ ਹੈ। ਸ੍ਰੀ ਕੌਲ ਨੇ ਇਹ ਵੀ ਦੱਸਿਆ ਕਿ ਉਹ ਇਸ ਪਾਰਕ ਨੂੰ ਹੋਰ ਵੀ ਸੁੰਦਰ ਬਨਾਉਣ ਲਈ ਯਤਨਸ਼ੀਲ ਹਨ ਅਤੇ ਐਨ.ਆਰ.ਆਈ. ਵੀਰਾਂ ਸਮੇਤ ਹੋਰਨਾਂ ਨੂੰ ਸਹਿਯੋਗ ਦੀ ਅਪੀਲ ਕਰਦੇ ਹਨ। ਢੋਸੀਵਾਲ ਨੇ ਕੌਂਸਲਰ ਰਮੇਸ਼ ਕੌਲ ਅਤੇ ਉਨ੍ਹਾਂ ਦੀ ਧਰਮ ਪਤਨੀ ਨਗਰ ਕੌਂਸਲ ਦੀ ਸਾਬਕਾ ਉਪ ਪ੍ਰਧਾਨ ਸੀਤਾ ਕੌਲ ਦੇ ਇਹਨਾਂ ਸੁਹਿਰਦ ਯਤਨਾਂ ਲਈ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਕੌਲ ਪਰਿਵਾਰ ਦੀਆਂ ਸੇਵਾਵਾਂ ਸਦਾ ਲਈ ਯਾਦ ਰੱਖੀਆਂ ਜਾਣਗੀਆਂ।
ਰਮੇਸ਼ ਕੌਲ ਕੌਂਸਲਰ ਪਾਰਕ ਸਬੰਧੀ ਪ੍ਰਧਾਨ ਢੋਸੀਵਾਲ ਨੂੰ ਜਾਣਕਾਰੀ ਦਿੰਦੇ ਹੋਏ। |