ਸਿਕਊਰਟੀ ਗਾਰਡ ਅਵਤਾਰ ਸਿੰਘ ਨੂੰ ਬਰਖ਼ਾਸਤ ਕਰਨ ਅਤੇ ਪ੍ਰੋ. ਗੁਰਬਾਜ਼ ਸਿੰਘ ਖਿਲਾਫ਼ ਐੱਸ. ਸੀ./ਐੱਸ.ਟੀ. ਐਕਟ ਤਹਿਤ ਕਾਰਵਾਈ ਕਰਨ ਦੀ ਮੰਗ
ਸ੍ਰੀ ਮੁਕਤਸਰ ਸਾਹਿਬ , 14 ਸਤੰਬਰ (BTTNEWS)- ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋ ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿੱਚ ਸੈਮੀਨਾਰ ਕਰਵਾਉਣ ਆਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਧੀਰਜ ਕੁਮਾਰ, ਵਿਦਿਆਰਥੀ ਆਗੂ ਕਮਲਜੀਤ ਸਿੰਘ ਅਤੇ ਸੁਖਪ੍ਰੀਤ ਕੌਰ ਨਾਲ ਸਿਕਊਰਟੀ ਗਾਰਡ ਅਤੇ ਪ੍ਰੋ. ਗੁਰਬਾਜ਼ ਸਿੰਘ ਦੁਆਰਾ ਕੀਤੀ ਬਦਸਲੂਕੀ, ਗਾਲੀ ਗਲੋਚ ਅਤੇ ਵਰਤੇ ਗਏ ਜਾਤੀ ਸੂਚਕ ਸ਼ਬਦਾਂ ਦੇ ਖ਼ਿਲਾਫ਼ ਕਾਲਜ ਵਿਚ ਰੋਸ ਰੈਲੀ ਕੀਤੀ ਗਈ ਅਤੇ ਸਿਕਊਰਟੀ ਗਾਰਡ ਅਵਤਾਰ ਸਿੰਘ ਨੂੰ ਬਰਖ਼ਾਸਤ ਕਰਨ ਅਤੇ ਪ੍ਰੋ. ਗੁਰਬਾਜ਼ ਸਿੰਘ ਖਿਲਾਫ਼ ਐੱਸ. ਸੀ./ਐੱਸ.ਟੀ. ਐਕਟ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਜਿਲ੍ਹਾ ਕਨਵੀਨਰ ਸੁਖਪ੍ਰੀਤ ਕੌਰ ਨੇ ਕਿਹਾ ਕਿ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿੱਚ ਸੈਮੀਨਾਰ ਕਰਵਾਇਆ ਗਿਆ ਸੀ। ਜਿਸ ਦੀ ਇਜਾਜ਼ਤ ਕਾਲਜ ਪ੍ਰਸ਼ਾਸ਼ਨ ਤੋ ਲਿਖਤੀ ਰੂਪ ਵਿਚ ਲਈ ਗਈ ਸੀ। ਇਸ ਸੈਮੀਨਾਰ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਧੀਰਜ ਕੁਮਾਰ ਅਤੇ ਵਿਦਿਆਰਥੀ ਆਗੂ ਕਮਲਜੀਤ ਸਿੰਘ ਵਿਸ਼ੇਸ਼ ਤੌਰ ਤੇ ਆਏ ਸਨ। ਸੈਮੀਨਾਰ ਖ਼ਤਮ ਹੋਣ ਤੋਂ ਬਾਅਦ ਜਦ ਧੀਰਜ ਕੁਮਾਰ, ਕਮਲਜੀਤ ਸਿੰਘ ਅਤੇ ਸੁਖਪ੍ਰੀਤ ਕੌਰ ਕਾਲਜ ਤੋ ਬਾਹਰ ਜਾ ਰਹੇ ਸਨ ਤਾਂ ਕਾਲਜ ਦੇ ਸਿਕਊਰਟੀ ਗਾਰਡ ਵੱਲੋ ਓਨਾ ਨੂੰ ਰੋਕਿਆ ਗਿਆ, ਗਾਲੀ ਗਲੋਚ ਅਤੇ ਮਾਰ ਕੁੱਟ ਕੀਤੀ ਗਈ ਅਤੇ ਨਾਲ ਹੀ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ। ਇਸ ਦੌਰਾਨ ਕਾਲਜ ਦੇ ਪ੍ਰੋਫੈਸਰ ਗੁਰਬਾਜ਼ ਸਿੰਘ ਵੱਲੋ ਸਿਕਊਰਟੀ ਗਾਰਡ ਦੀ ਹਿਮਾਇਤ ਕਰਦਿਆ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਗਈ ਅਤੇ ਜਾਤੀ ਸੂਚਕ ਸ਼ਬਦ ਵੀ ਵਰਤੇ ਗਏ।
ਕਾਲਜ ਕਮੇਟੀ ਪ੍ਰਧਾਨ ਲਵਪ੍ਰੀਤ ਕੌਰ ਨੇ ਕਿਹਾ ਕਿ ਜਦ ਇਹ ਮਸਲਾ ਕਾਲਜ ਪ੍ਰਸ਼ਾਸਨ ਨਾਲ ਵਿਚਾਰਿਆ ਗਿਆ ਤਾਂ ਓਨ੍ਹਾ ਵੱਲੋ ਵੀ ਵਿਦਿਆਰਥੀਆਂ ਨੂੰ ਗਲਤ ਦੱਸ ਕੇ ਸਿਕੌਰਿਟੀ ਗਾਰਡ ਨੂੰ ਪੂਰੀ ਸ਼ਹਿ ਦਿੱਤੀ ਗਈ। ਪੰਜਾਬ ਸਟੂਡੈਂਟਸ ਯੂਨੀਅਨ ਲਗਾਤਾਰ ਵਿਦਿਆਰਥੀ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੀ ਹੈ।ਜਿਸ ਕਾਰਨ ਕਾਲਜ ਦੇ ਕਈ ਪ੍ਰੋਫ਼ੈਸਰਾਂ ਨੂੰ ਗਲਤ ਖਿਲਾਫ਼ ਬੋਲਦੇ ਇਹ ਵਿਦਿਆਰਥੀ ਖਟਕ ਰਹੇ ਸਨ। ਜਿਸ ਦੇ ਨਤੀਜੇ ਵੱਲੋ ਅੱਜ ਵੀ ਕਾਲਜ ਵੱਲੋ ਵਿਦਿਆਰਥੀਆਂ ਦਾ ਸਾਥ ਨਾ ਦਿੰਦੇ ਹੋਏ ਕੋਈ ਕਾਰਵਾਈ ਨਹੀ ਕੀਤੀ ਗਈ। ਵਿਦਿਆਰਥੀਆਂ ਨੇ ਇਸ ਖਿਲਾਫ਼ ਰੈਲੀ ਕੀਤੀ ਅਤੇ ਕਾਲਜ ਨੂੰ ਤਿੰਨ ਦਿਨਾਂ ਦੇ ਅੰਦਰ ਸਿਕਊਰਟੀ ਗਾਰਡ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਾਲਜ ਤਿੰਨ ਦਿਨਾਂ ਅੰਦਰ ਸਿਕਿਓਰਟੀ ਗਾਰਡ ਨੂੰ ਬਰਖਾਸਤ ਨਹੀਂ ਕਰਦਾ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਵਲੋ ਸੋਮਵਾਰ ਮਿਤੀ 18 ਸਤੰਬਰ ਨੂੰ ਪ੍ਰਿੰਸੀਪਲ ਦਫਤਰ ਸਾਮ੍ਹਣੇ ਧਰਨਾ ਦਿੱਤਾ ਜਾਵੇਗਾ। ਵਿਦਿਆਰਥੀਆਂ ਦਾ ਇਕ ਵਫਦ ਐੱਸ. ਐੱਚ. ਓ ਥਾਣਾ ਸਦਰ ਨੂੰ ਮਿਲਿਆ ਅਤੇ ਸੀਕੌਰਟੀ ਗਾਰਡ ਅਤੇ ਪ੍ਰੋ. ਗੁਰਬਾਜ਼ ਸਿੰਘ ਖਿਲਾਫ਼ ਐੱਸ.ਸੀ/ਐੱਸ.ਟੀ. ਐਕਟ ਅਤੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਨੌਨਿਹਾਲ ਸਿੰਘ, ਅਜੇਪਾਲ ਸਿੰਘ,ਪੂਜਾ, ਰਾਜਵੀਰ ਕੌਰ, ਵੰਸ ਤਮੋਲੀ, ਅਰਸ਼ਦੀਪ ਸਿੰਘ ਅਤੇ ਕਾਲਜ ਦੇ ਸਮੂਹ ਵਿਦਿਆਰਥੀ ਸ਼ਾਮਿਲ ਸਨ।