ਮੀਟਿੰਗ ਵਿੱਚ ਵਿਧਾਇਕ ਕਾਕਾ ਬਰਾੜ 'ਤੇ ਮਾਰਕੀਟ ਕਮੇਟੀ ਚੇਅਰਮੈਨ ਸੁਰਜੀਤ ਸਿੰਘ ਸੰਧੂ ਨੇ ਵੀ ਸ਼ਿਰਕਤ ਕੀਤੀ
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (BTTNEWS)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸਥਾਨਕ ਰੇਲਵੇ ਰੋਡ ਸਥਿਤ ਸਿਟੀ ਹੋਟਲ ਵਿਖੇ ਪਿਛਲੇ ਦਿਨੀਂ ਝਬੇਲਵਾਲੀ ਵਾਪਰੇ ਨਹਿਰ ਬੱਸ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੀ ਯਾਦ ਵਿਚ ਸ਼ੋਕ ਮੀਟਿੰਗ ਆਯੋਜਿਤ ਕੀਤੀ ਗਈ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਐੱਮ.ਐੱਲ.ਏ., ਪੀ.ਏ. ਵਿਕਰਮ ਕੁਮਾਰ ਵਿੱਕੀ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਸੰਧੂ ਲੁਬਾਣਿਆਂਵਾਲੀ, ਮੌਜੂਦਾ ਕੌਂਸਲਰ ਇੰਦਰਜੀਤ ਕੌਰ, ਤਹਜੀਨ ਸਮੇਤ ਸ਼ਮਿੰਦਰ ਟਿਲੂ, ਸੰਨੀ ਰਾਠੀ, ਦਿਨੇਸ਼ ਰਾਜਪ੍ਰੋਹਿਤ ਅਤੇ ਡਾ. ਗੁਰਵਿੰਦਰ ਸਿੰਘ ਕਾਲਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਮੁੱਖ ਸਲਾਹਕਾਰ ਜਗਦੀਸ਼ ਧਵਾਲ, ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ, ਕੈਸ਼ੀਅਰ ਡਾ. ਸੰਜੀਵ ਮਿੱਡਾ, ਉਪ ਪ੍ਰਧਾਨ ਡਾ. ਸੁਰਿੰਦਰ ਗਿਰਧਰ, ਚੌ. ਬਲਬੀਰ ਸਿੰਘ, ਸਾਹਿਲ ਕੁਮਾਰ ਹੈਪੀ, ਵਿਜੇ ਸਿਡਾਨਾ, ਬਨਰੇਕ ਸਿੰਘ ਦਿਓਲ, ਮਨਹੋਰ ਲਾਲ ਹਕਲਾ, ਰਾਜੇਸ਼ ਗਿਰਧਰ, ਲੋਕ ਗਾਇਕ ਇੰਦਰਜੀਤ ਮੁਕਤਸਰੀ, ਗੁਰਮੁੱਖ ਸਿੰਘ ਦਿਓਲ, ਲਾਡੀ ਬੱਤਰਾ ਅਤੇ ਅਰਸ਼ ਬੱਤਰਾ ਆਦਿ ਮੌਜੂਦ ਸਨ। ਜਰੂਰੀ ਕੰਮ ਹੋਣ ਕਾਰਣ ਸ਼ਹਿਰ ਵਿਚ ਮੌਜੂਦ ਨਾ ਹੋਣ ਕਾਰਣ ਮਿਸ਼ਨ ਦੇ ਚੀਫ਼ ਪੈਟਰਨ ਇੰਸਪੈਕਟਰ ਜਗਸੀਰ ਸਿੰਘ, ਡਾ. ਸਤੀਸ਼ ਗਲਹੋਤਰਾ, ਪ੍ਰਸ਼ੋਤਮ ਗਿਰਧਰ ਆਰ.ਏ. ਅਤੇ ਰਜਿੰਦਰ ਖੁਰਾਣਾ ਨੇ ਵੀ ਫੋਨ ਰਾਹੀਂ ਮ੍ਰਿਤਕਾਂ ਪ੍ਰਤੀ ਪ੍ਰਧਾਨ ਢੋਸੀਵਾਲ ਨਾਲ ਦੁੱਖ ਸਾਂਝਾ ਕੀਤਾ। ਸ਼ੋਕ ਮੀਟਿੰਗ ਦੌਰਾਨ ਮੌਜੂਦ ਸਮੂਹ ਮੈਂਬਰਾਂ ਵੱਲੋਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਹਾਦਸੇ ਦੇ ਸ਼ਿਕਾਰ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸਮੂਹ ਬੁਲਾਰਿਆਂ ਨੇ ਇਸ ਹਾਦਸੇ ਵਿਚ ਮਾਰੇ ਗਏ ਸਾਰੇ ਬੇਦੋਸ਼ੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰਧਾਨ ਢੋਸੀਵਾਲ ਨੇ ਮਿਸ਼ਨ ਵੱਲੋਂ ਹਲਕਾ ਵਿਧਾਇਕ ਤੋਂ ਮੰਗ ਕੀਤੀ ਕਿ ਸਰਕਾਰੀ ਨਿਯਮਾਂ ਦੀਆਂ ਧੱਡੀਆਂ ਉਡਾਉਣ ਵਾਲੀ ਸਬੰਧਤ ਟੋਲ ਪਲਾਜਾ ਕੰਪਨੀ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਨਹਿਰਾਂ ’ਤੇ ਵੰਨ ਵੇ ਟਰੈਫਿਕ ਲਈ ਪੁਲ ਦੀ ਉਸਾਰੀ ਤੁਰੰਤ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਦੀਆਂ ਨਗਰ ਕੌਂਸਲ ਅਤੇ ਰੈੱਡ ਕਰਾਸ ਦੀਆਂ ਦੁਕਾਨਾਂ ਦੀ ਵੰਡ ਵਿਚ ਬੇਨਿਯਮੀਆਂ ਅਤੇ ਕਿਰਾਏਦਾਰ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ ਕਬਜੇ ਅਤੇ ਭੰਨ ਤੋੜ ਦੀ ਵੀ ਉੱਚ ਪੱਧਰੀ ਜਾਂਚ ਕਰਾਉਣ ਦੀ ਮੰਗ ਕਰਦੇ ਹੋਏ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਆਪਣੇ ਸੰਬੋਧਨ ਵਿਚ ਪ੍ਰਧਾਨ ਢੋਸੀਵਾਲ ਨੇ ਸਥਾਨਕ ਬੂੜਾ ਗੁੱਜਰ ਰੋਡ ਦੀ ਮਾੜੀ ਹਾਲਤ ਨੂੰ ਸੁਧਾਰ ਦੀ ਮੰਗ ਵੀ ਕੀਤੀ। ਮੁੱਖ ਰੂਪ ਵਿਚ ਆਪਣੇ ਸੰਬੋਧਨ ਵਿਚ ਹਲਕਾ ਵਿਧਾਇਕ ਕਾਕਾ ਬਰਾੜ ਨੇ ਉਕਤ ਬੱਸ ਨਹਿਰ ਹਾਦਸੇ ਨੂੰ ਬੇਹੱਦ ਦੁਖਦਾਈ ਦਸਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਟੋਲ ਪਲਾਜਾ ਕੰਪਨੀ ਵੱਲੋਂ ਐਗਰੀਮੈਂਟ ਦੀਆਂ ਸਾਰੀਆਂ ਸ਼ਰਤਾਂ ਦਾ ਅਧਿਐਨ ਕਰਨ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕਰਨਗੇ। ਐੱਮ.ਐੱਲ.ਏ. ਨੇ ਆਮ ਲੋਕਾਂ ਨੂੰ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਤੇਜ਼ ਰਫ਼ਤਾਰੀ ਤੋਂ ਬਚਣ ਦੀ ਸਲਾਹ ਦਿੱਤੀ। ਉਕਤ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਅੱਜ ਦੀ ਮੀਟਿੰਗ ਦੇ ਸਾਰੇ ਚਾਹ-ਪਾਣੀ ਦਾ ਖਰਚਾ ਸੀਨੀਅਰ ਮੈਂਬਰ ਰਾਜੇਸ਼ ਗਿਰਧਰ ਵੱਲੋਂ ਕੀਤਾ ਗਿਆ। ਢੋਸੀਵਾਲ ਨੇ ਸਮੁੱਚੇ ਮਿਸ਼ਨ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ।