-ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਮਲਕੀਅਤ ਕਾਲੀ ਨੇ ਪਾਕਿ ਅਧਾਰਤ ਤਸਕਰਾਂ ਨੂੰ 5 ਕਰੋੜ ਰੁਪਏ ਅਤੇ ਤੈਰਾਕਾਂ ਨੂੰ 1 ਕਰੋੜ ਰੁਪਏ ਦੇਣੇ ਸਨ
ਚੰਡੀਗੜ੍ਹ/ਜਲੰਧਰ, 9 ਸਤੰਬਰ (BTTNEWS)- ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਨਾਮੀ ਨਸ਼ਾ ਤਸਕਰ ਮਲਕੀਅਤ ਸਿੰਘ ਉਰਫ਼ ਕਾਲੀ ਵੱਲੋਂ ਆਪਣੇ ਪਿੰਡ ਟੇਂਡੀ ਵਾਲਾ ਵਿਖੇ ਦੱਸੇ ਦੋ ਟਿਕਾਣਿਆਂ (ਹਰੇਕ ਟਿਕਾਣੇ ਤੋਂ 6-6 ਕਿਲੋ) ਤੋਂ 12 ਕਿੱਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਹ ਸਫ਼ਲਤਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰ ਮਲਕੀਅਤ ਕਾਲੀ ਨੂੰ 9 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਤੋਂ ਦੋ ਦਿਨ ਬਾਅਦ ਮਿਲੀ ਹੈ। ਦੱਸਣਯੋਗ ਹੈ ਕਿ ਸਿਰਫ਼ 48 ਘੰਟਿਆਂ ਵਿੱਚ ਹੈਰੋਇਨ ਦੀ ਕੁੱਲ ਬਰਾਮਦਗੀ 21 ਕਿਲੋ ਹੋ ਗਈ ਹੈ।
ਇਹ ਬਰਾਮਦਗੀ 50 ਕਿਲੋਗ੍ਰਾਮ ਹੈਰੋਇਨ ਦੀ ਖੇਪ, ਜੋ ਨਸ਼ਾ ਤਸਕਰ ਮਲਕੀਅਤ ਕਾਲੀ ਦੇ ਇਸ਼ਾਰੇ 'ਤੇ ਤਿੰਨ ਤੈਰਾਕਾਂ ਦੁਆਰਾ ਪਾਕਿਸਤਾਨ ਤੋਂ ਲਿਆਂਦੀ ਗਈ ਸੀ, ਦਾ ਹੀ ਹਿੱਸਾ ਹੈ। ਪੁਲਿਸ ਟੀਮਾਂ ਨੇ ਇੱਕ ਤੈਰਾਕ ਜੋਗਾ ਸਿੰਘ ਸਮੇਤ ਘੱਟੋ-ਘੱਟ 5 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਪ੍ਰਭਾਵਸ਼ਾਲੀ ਢੰਗ ਨਾਲ ਹੁਣ ਤੱਕ 43.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਦਕਿ ਬਾਕੀ ਦੋ ਤੈਰਾਕਾਂ ਗੁਰਦੀਪ ਸਿੰਘ ਉਰਫ਼ ਰੰਗੀ ਅਤੇ ਗੁਰਵਿੰਦਰ ਸਿੰਘ ਉਰਫ਼ ਮਸਤੰਗੀ ਦੋਵੇਂ ਵਾਸੀ ਪਿੰਡ ਟੇਂਡੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਮਲਕੀਅਤ ਕਾਲੀ ਨੇ ਖੁਲਾਸਾ ਕੀਤਾ ਕਿ ਸੌਦੇ ਅਨੁਸਾਰ ਖੇਪ ਵੇਚਣ ਤੋਂ ਬਾਅਦ ਇਨ੍ਹਾਂ ਤੈਰਾਕਾਂ ਨੂੰ 1 ਕਰੋੜ ਰੁਪਏ (2 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ) ਦਿੱਤੇ ਕੀਤੇ ਜਾਣੇ ਸਨ, ਜਦਕਿ ਪਾਕਿ-ਅਧਾਰਤ ਹੈਦਰ ਅਲੀ ਨੂੰ ਹਵਾਲਾ ਜ਼ਰੀਏ 5 ਕਰੋੜ ਰੁਪਏ (10 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ) ਭੇਜੇ ਜਾਣੇ ਸਨ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਤਕਰੀਬਨ 6.5 ਕਿਲੋ ਹੈਰੋਇਨ ਮੁਲਜ਼ਮ ਰੰਗੀ ਅਤੇ ਮਸਤੰਗੀ ਕੋਲ ਹੈ ਅਤੇ ਪੁਲਿਸ ਟੀਮਾਂ ਦੋਵਾਂ ਭਗੌੜੇ ਨਸ਼ਾ ਤਸਕਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।
ਇਸ ਸਬੰਧੀ ਥਾਣਾ ਗੁਰਾਇਆ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21ਸੀ ਤਹਿਤ ਐਫ.ਆਈ.ਆਰ. ਨੰਬਰ 123 ਮਿਤੀ 07/09/2023 ਪਹਿਲਾਂ ਹੀ ਦਰਜ ਹੈ।
- ਹੁਣ ਤੱਕ ਦੀ ਰਿਕਵਰੀ -
ਜਲੰਧਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਤੋਂ 50 ਕਿਲੋ ਹੈਰੋਇਨ ਦੀ ਖੇਪ ਲਿਆਉਣ ਲਈ ਤਿੰਨ ਤੈਰਾਕਾਂ ਨੂੰ ਭੇਜਣ ਵਾਲੇ ਵੱਡੇ ਨਸ਼ਾ ਤਸਕਰ ਮਲਕੀਅਤ ਸਿੰਘ ਉਰਫ਼ ਕਾਲੀ ਨੂੰ ਗ੍ਰਿਫਤਾਰ ਕੀਤਾ ਅਤੇ ਉਸਦੇ ਕਬਜ਼ੇ ਵਿੱਚੋਂ 21 ਕਿਲੋ (9 ਕਿਲੋ + 12 ਕਿਲੋ) ਹੈਰੋਇਨ ਬਰਾਮਦ ਕੀਤੀਜਲੰਧਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰ ਜੋਗਾ ਸਿੰਘ, ਜੋ ਹੈਰੋਇਨ ਦੀ ਖੇਪ ਲੈਣ ਲਈ ਤੈਰ ਕੇ ਪਾਕਿਸਤਾਨ ਦੇ ਅਧਿਕਾਰ ਖੇਤਰ ਵਿੱਚ ਗਿਆ ਸੀ, ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ 8 ਕਿਲੋ ਹੈਰੋਇਨ ਬਰਾਮਦ ਕੀਤੀ
ਐਸ.ਐਸ.ਓ.ਸੀ. ਅੰਮ੍ਰਿਤਸਰ ਨੇ ਨਸ਼ਾ ਤਸਕਰ ਸ਼ਿੰਦਰ ਸਿੰਘ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 13 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ
ਦੋ ਸਾਥੀਆਂ ਜਿਸ ਵਿੱਚ ਮਹਿਲਾ ਨਸ਼ਾ ਤਸਕਰ ਅਮਨਦੀਪ ਕੌਰ ਸ਼ਾਮਲ ਹੈ, ਨੂੰ 1 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਇੱਕ ਹੋਰ ਨਸ਼ਾ ਤਸਕਰ ਸ਼ਿੰਦਰਪਾਲ ਉਰਫ਼ ਪੱਪੂ ਨੂੰ ਮਹਿਤਪੁਰ ਤੋਂ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ