- ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਚੁੱਕਿਆ ਕਦਮ, ਜ਼ਮੀਨ ਮਾਲਕ ਨੂੰ ਦਿੱਤੇ 1 ਲੱਖ 20 ਹਜ਼ਾਰ ਰੁਪਏ ਦੀ ਰਾਸ਼ੀ
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (BTTNEWS)- ਪਿਛਲੇ ਲੰਬੇ ਸਮੇਂ ਤੋਂ ਬਾਰਿਸ਼ ਦੇ ਪਾਣੀ ਦੀ ਸਹੀ ਢੰਗ ਨਾਲ ਨਿਕਾਸੀ ਨਾ ਹੋਣ ਦੇ ਕਾਰਨ ਇੱਕ ਵਾਰ ਮੀਂਹ ਪੈਣ ’ਤੇ ਕਈ ਕਈ ਦਿਨਾਂ ਤੱਕ ਪਾਣੀ ਨਾ ਨਿਕਲਣ ਦੀ ਸਮੱਸਿਆ ਤੋਂ ਸ਼ਹਿਰ ਨਿਵਾਸੀਆਂ ਨੂੰ ਨਿਜ਼ਾਤ ਮਿਲਣਾ ਲਗਭਗ ਤੈਅ ਹੋ ਗਿਆ ਹੈ ਅਤੇ ਇਹ ਸਥਾਨਕ ਵਿਧਾਇਕ ਜਗਦੀਪ ਸਿੰਘ ‘ਕਾਕਾ ਬਰਾੜ’ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਵਿਧਾਇਕ ‘ਕਾਕਾ ਬਰਾੜ’ ਨੇ ਨਾ ਸਿਰਫ ਯਤਨ ਬਲਕਿ ਥਾਂ ਦੀ ਕਮੀ ਦੇ ਚੱਲਦੇ ਨਾਲੇ ਨੂੰ ਚੌੜਾ ਕਰਵਾਉਣ ਦੇ ਲਈ ਆਪਣੀ ਜੇਬ ’ਚੋਂ ਕਰੀਬ ਸਵਾ ਲੱਖ ਰੁਪਏ ਵੀ ਖਰਚ ਕੀਤੇ ਹਨ, ਤਾਂ ਕਿ ਸ਼ਹਿਰ ਨਿਵਾਸੀਆਂ ਨੂੰ ਇਸ ਮੁਸ਼ਕਿਲ ਤੋਂ ਪੱਕੇ ਤੌਰ ’ਤੇ ਨਿਜ਼ਾਤ ਮਿਲ ਸਕੇ।
ਵਰਣਨਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਭਾਵੇਂ ਸਰਕਾਰਾਂ ਤਾਂ ਬਦਲਦੀਆਂ ਰਹੀਆਂ ਪ੍ਰੰਤੂ ਸਮੇਂ ਸਮੇਂ ’ਤੇ ਬਣਦੇ ਰਹੇ ਵਿਧਾਇਕਾਂ ਨੇ ਸ਼ਹਿਰ ’ਚੋਂ ਥੋੜੀ ਜਿਹੀ ਬਾਰਿਸ਼ ਹੋਣ ’ਤੇ ਸ਼ਹਿਰ ’ਚ ਭਰਨ ਵਾਲੇ ਪਾਣੀ ਦੀ ਨਿਕਾਸੀ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਦੇ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਬਾਰਿਸ਼ ਦੇ ਪਾਣੀ ਦੀ ਨਿਕਾਸੀ ਦੇ ਲਈ ਬਣਾਏ ਗਏ ਬਰਸਾਤੀ ਨਾਲੇ ਨੂੰ ਖੁੱਲ੍ਹਵਾਉਣ ਦੇ ਲਈ ਕਦਮ ਨਾ ਚੁੱਕੇ ਜਾਣ ਦੇ ਚੱਲਦਿਆਂ ਹਾਲਾਤ ਇਹ ਰਹਿੰਦੇ ਸਨ ਕਿ ਥੋੜੀ ਜਿਹੀ ਬਾਰਿਸ਼ ਦੇ ਨਾਲ ਹੀ ਪਾਣੀ ਲੰਬੇ ਸਮੇਂ ਤੱਕ ਸ਼ਹਿਰ ਵਿੱਚ ਭਰਿਆ ਰਹਿੰਦਾ ਸੀ ਜਿਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਮੌਜੂਦਾ ਸਮੇਂ ’ਚ ਆਏ ਬਦਲਾਅ ਕਾਰਨ ਭਾਰੀ ਬਹੁਮਤ ਨਾਲ ਜਿੱਤਕੇ ਵਿਧਾਇਕ ਬਣੇ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਪਣੇ ਕਾਰਜਕਾਲ ਦੇ ਸ਼ੁਰੂਆਤੀ ਦੌਰ ਤੋਂ ਹੀ ਸ਼ਹਿਰ ਦੇ ਵਿਕਾਸ ਲਈ ਸਮਰਪਿਤ ਹਨ ਅਤੇ ਇਸਦੇ ਲਈ ਭਾਵੇਂ ਆਪਣੇ ਜੇਬ ’ਚੋਂ ਪੈਸੇ ਖਰਚਣ ਤੋਂ ਵੀ ਪਿੱਛੇ ਨਹੀਂ ਹੱਟਦੇ। ਇਸੇ ਲੜੀ ਤਹਿਤ ਉਨ੍ਹਾਂ ਨੇ ਬਰਸਾਤੀ ਪਾਣੀ ਦੀ ਨਿਕਾਸੀ ਤੋਂ ਪ੍ਰੇਸ਼ਾਨ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਿਆ ਅਤੇ ਨਾਲੇ ਨੂੰ ਸਹੀ ਢੰਗ ਨਾਲ ਚਲਾਉਣ ਦੇ ਲਈ ਸ਼ੁਰੂ ਕੀਤੇ ਯਤਨਾਂ ਤੋਂ ਪਤਾ ਲੱਗਿਆ ਕਿ ਇਸਨੂੰ ਚੌੜਾ ਕਰਵਾਉਣ ਦੇ ਲਈ ਇੱਕ ਕਿਸਾਨ ਦੀ ਕੁਝ ਜ਼ਮੀਨ ਲੈਣੀ ਪਵੇਗੀ। ਐਮ.ਐਲ.ਏ ਨੇ ਲੋਕਾਂ ਦੀਆਂ ਸਹੂਲਤ ਨੂੰ ਦੇਖਦਿਆਂ ਸੰਬੰਧਿਤ ਕਿਸਾਨ ਕੁਲਦੀਪ ਸਿੰਘ ਗੀਪਾ ਨੂੰ ਆਪਣੀ ਜੇਬ ’ਚੋਂ 1 ਲੱਖ 20 ਹਜ਼ਾਰ ਰੁਪਏ ਦੇ ਕੇ ਨਾਲੇ ਨੂੰ ਚੌੜਾ ਕਰਵਾਇਆ। ਸ਼ਹਿਰ ਨਿਵਾਸੀਆਂ ਵੱਲੋਂ ਵਿਧਾਇਕ ਜਗਦੀਪ ਸਿੰਘ ‘ਕਾਕਾ ਬਰਾੜ’ ਦੇ ਇੱਕ ਕਦਮ ਦੀ ਜੰਮਕੇ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ’ਤੇ ਪੈਸਟੀਸਾਈਡ ਐਂਡ ਫਰਟੀਲਾਈਜ਼ਰ ਯੂਨੀਅਨ ਦੇ ਪ੍ਰਧਾਨ ਅਜਵਿੰਦਰ ਸਿੰਘ ਰਾਜੂ ਪੂਣੀਆ, ਟਰੱਕ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਬੱਬਲੂ ਬਰਾੜ, ਜਤਿੰਦਰ ਮਹੰਤ, ਪਰਮਜੀਤ ਸਿੰਘ ਪੰਮਾ ਨੰਬਰਦਾਰ, ਪੀ.ਏ.ਡੀ.ਬੀ ਦੇ ਵਾਈਸ ਚੇਅਰਮੈਨ ਨੰਬਰਦਾਰ ਸੁਖਪਾਲ ਸਿੰਘ, ਜੁਗਨੂੰ ਗਿਰਧਰ, ਕੁਲਵੰਤ ਸਿੰਘ ਜਬਰੀ, ਜੱਗਾ ਗਿੱਲ, ਅਮਨਾ ਗਿੱਲ, ਰਮਨਦੀਪ ਸਿੰਘ, ਪਾਲਾ ਠੇਕੇਦਾਰ, ਅਮਨਦੀਪ ਬਰਾੜ, ਰਾਮ ਸਿੰਘ ਐਮ.ਸੀ, ਕਾਕੂ ਦਿਓਲ, ਮਨਿੰਦਰ ਦਿਓਲ, ਮਨਦੀਪ ਦਿਓਲ, ਗਮਦੂਰ ਸਿੰਘ ਦਿਓਲ, ਬੰਟੀ ਡੀਲਰ, ਰਾਜਿੰਦਰ ਕੁਮਾਰ ਆਦਿ ਹਾਜ਼ਰ ਸਨ।